ਬਠਿੰਡਾ: ਪਿਛਲੇ ਇੱਕ ਹਫ਼ਤੇ ਤੋਂ ਗਰਮੀ ਨੇ ਲੋਕਾਂ ਦੀ ਤੌਬਾ-ਤੌਬਾ ਕਰਵਾ ਦਿੱਤੀ ਸੀ। ਲੌਕਡਾਊਨ ਦੇ ਨਾਲ-ਨਾਲ ਗਰਮੀ ਕਾਰਨ ਲੋਕ ਘਰਾਂ ਦੇ ਵਿੱਚ ਬੈਠਣ ਲਈ ਮਜਬੂਰ ਹੋ ਗਏ ਸਨ। ਮੌਸਮ ਵਿਭਾਗ ਨੇ ਵੀ ਪੰਜਾਬ ਅਤੇ ਕਈ ਸੂਬਿਆਂ ਵਿੱਚ ਵੱਧ ਗਰਮੀ ਦੇ ਨਾਲ ਤਾਪਮਾਨ ਨੂੰ ਵੇਖਦਿਆਂ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ। ਬਠਿੰਡਾ ਦਾ ਤਾਪਮਾਨ ਗਰਮੀ ਨਾਲ ਵੱਧ ਕੇ 47.8 ਡਿਗਰੀ ਤੱਕ ਵੇਖਿਆ ਗਿਆ।
ਇਸ ਤੋਂ ਬਾਅਦ ਬਠਿੰਡਾ ਦੇ ਵਿੱਚ ਪਏ ਮੀਂਹ ਨੇ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ। ਇਹ ਬਾਰਿਸ਼ ਮੌਸਮ ਵਿਭਾਗ ਮੁਤਾਬਕ 13 ਤੋਂ 14 ਐੱਮਐੱਮ ਦੇ ਕਰੀਬ ਦੱਸੀ ਜਾ ਰਹੀ ਹੈ। ਭਾਵੇਂ ਬਠਿੰਡਾ ਅਤੇ ਇਸ ਦੇ ਨੇੜਲੇ ਇਲਾਕੇ ਦੇ ਵਿੱਚ ਇਹ ਮੀਂਹ ਇੱਕ ਤੋਂ ਡੇਢ ਘੰਟੇ ਤੱਕ ਹੀ ਪਿਆ ਪਰ ਇਸ ਮੀਂਹ ਨੇ ਬਠਿੰਡਾ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦਿੱਤੀ ਹੈ।