ਬਠਿੰਡਾ:ਐਨਆਈਏ ਦੀ ਟੀਮ ਵੱਲੋਂ ਅੱਜ ਬੁੱਧਵਾਰ ਨੂੰ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਗੈਂਗਸਟਰਾਂ ਅਤੇ ਖਾਲਿਸਤਾਨੀ ਪੱਖੀ ਲੋਕਾਂ ਦੇ ਘਰਾਂ ਵਿੱਚ ਰੇਡ ਕੀਤੀ ਗਈ। ਇਸੇ ਤਹਿਤ ਹੀ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਕਸਬੇ ਦੇ ਪਿੰਡ ਜੇਠੂਕੇ ਤੇ ਮੌੜ ਮੰਡੀ ਵਿਖੇ ਐਨਆਈਏ ਦੀ ਟੀਮ ਵੱਲੋਂ ਵੱਡੀ ਨਫਰੀ ਦੇ ਨਾਲ ਗੁਰਪ੍ਰੀਤ ਗੁਰੀ ਦੇ ਘਰ ਰੇਡ ਕੀਤੀ ਗਈ। ਜਿਸ ਦੇ ਉੱਪਰ ਪਹਿਲਾਂ ਫਿਲੌਰ ਵਿੱਚ ਹੋਏ ਚਿੰਟੂ ਨਾਮ ਦੇ ਵਿਅਕਤੀ ਦਾ ਕਤਲ ਦਾ ਮੁਕੱਦਮਾ ਦਰਜ ਹੈ।
ਗੈਂਗਸਟਰ ਅਰਸ਼ ਡੱਲਾ ਨਾਲ ਸਬੰਧਤ ਗੁਰਪ੍ਰੀਤ ਗੁਰੀ ਦੇ ਘਰ ਰੇਡ:ਇਸ ਦੌਰਾਨ ਹੀ ਪਿੰਡ ਜੇਠੂਕੇ ਦੇ ਵਾਸੀ ਗੋਬਿੰਦ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਪ੍ਰੀਤ ਡੇਢ ਸਾਲ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਿਆ ਹੈ, ਜਿਸ ਦੇ ਵੱਲੋਂ ਫੇਸਬੁੱਕ ਉੱਤੇ ਉੱਪਰ ਇੱਕ ਪੋਸਟ ਵੀ ਪਾਈ ਗਈ ਸੀ, ਗੈਂਗਸਟਰ ਅਰਸ਼ ਡੱਲਾ ਦੇ ਨਾਲ ਸਬੰਧਾਂ ਦੇ ਅਧਾਰ ਉੱਤੇ ਐਨਆਈਏ ਟੀਮ ਵੱਲੋਂ ਪਰਿਵਾਰ ਨਾਲ ਪੁੱਛਗਿੱਛ ਕੀਤੀ ਗਈ। ਹਾਲਾਂਕਿ ਗੁਰਪ੍ਰੀਤ ਗੁਰੀ ਆਪਣੇ ਘਰ ਵਿੱਚ ਮੌਜੂਦ ਨਹੀਂ ਸੀ, ਐੱਨ.ਆਈ.ਏ ਦੀ ਟੀਮ ਵੱਲੋਂ ਗੁਰਪ੍ਰੀਤ ਗੁਰੀ ਦੇ ਪਰਿਵਾਰਕ ਮੈਂਬਰਾਂ ਨੂੰ ਰਾਮਪੁਰਾ ਫੂਲ ਦੇ ਸਦਰ ਥਾਣੇ ਲਿਜਾਇਆ ਗਿਆ ਤੇ ਕੰਮ ਉੱਤੇ ਗਏ ਹੋਏ ਗੁਰਪ੍ਰੀਤ ਸਿੰਘ ਨੂੰ ਥਾਣਾ ਸਦਰ ਬੁਲਾਇਆ ਗਿਆ।