ਬਠਿੰਡਾ: ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਪੰਜਾਬ ਦੀ ਮਿਊਜ਼ਿਕ ਇੰਡਸਟਰੀ ’ਤੇ ਦਹਿਸ਼ਤ ਦਾ ਸਾਇਆ ਵੇਖਣ ਨੂੰ ਮਿਲ ਰਿਹਾ ਹੈ। ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕ ਅੰਦਰਗਤੀ ਖੌਫਜ਼ਦਾ ਹਨ ਅਤੇ ਲਗਾਤਾਰ ਸਰਕਾਰ ਤੋਂ ਸਕਿਓਰਿਟੀ ਦੀ ਮੰਗ ਕਰ ਰਹੇ ਹਨ। ਬਹੁਤੇ ਗਾਇਕ ਪੰਜਾਬ ਛੱਡ ਵਿਦੇਸ਼ ਚਲੇ ਗਏ ਹਨ। ਪੰਜਾਬ ਵਿੱਚ ਰਹਿ ਰਹੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਕਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੈ ਸਰਕਾਰ ਨੂੰ ਉਸ ਨੂੰ ਸਕਿਉਰਿਟੀ ਜ਼ਰੂਰ ਦੇਣੀ ਚਾਹੀਦੀ ਹੈ ਪਰ ਬਿਨਾਂ ਵਜ੍ਹਾ ਦਹਿਸ਼ਤ ਦਾ ਮਾਹੌਲ ਨਹੀਂ ਬਣਾਉਣਾ ਚਾਹੀਦਾ।
ਪੰਜਾਬੀ ਇੰਡਸਟਰੀ ਵਿੱਚ ਦਹਿਸ਼ਤ ਦਾ ਮਾਹੌਲ: ਸੰਗੀਤਕਾਰ ਰਵੀ ਸ਼ੰਕਰ ਦਾ ਕਹਿਣਾ ਹੈ ਕਿ ਪੰਜਾਬੀ ਇੰਡਸਟਰੀ ਵਿੱਚ ਭਾਵੇਂ ਦਹਿਸ਼ਤ ਦਾ ਮਾਹੌਲ ਹੈ ਪਰ ਹਰ ਇੱਕ ਵਿਅਕਤੀ ਦੀ ਜਾਨ ਨੂੰ ਖਤਰਾ ਨਹੀਂ ਹੈ ਪਰ ਜਿਸ ਦੀ ਵੀ ਜਾਨ ਨੂੰ ਖ਼ਤਰਾ ਉਸ ਨੂੰ ਪੰਜਾਬ ਸਰਕਾਰ ਨੂੰ ਸਕਿਉਰਿਟੀ ਦੇਣੀ ਚਾਹੀਦੀ ਹੈ ਅਤੇ ਪੰਜਾਬ ਦਾ ਮਾਹੌਲ ਸੁਖਾਵਾਂ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸ਼ੌਹਰਤ ਵਜੋਂ ਹੀ ਸਕਿਉਰਿਟੀ ਦੀ ਮੰਗ ਕਰ ਰਹੇ ਹਨ ਜੋ ਸਰਾਸਰ ਗ਼ਲਤ ਹੈ ਸਰਕਾਰ ਨੂੰ ਇਸ ਚੀਜ਼ ਦੀ ਵੀ ਪੜਚੋਲ ਕਰਨੀ ਚਾਹੀਦੀ ਹੈ।
ਸੁਰੱਖਿਆ ਨੂੰ ਲੈਕੇ ਸਵਾਲ:ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਆਪਣੀ ਕੀਮਤੀ ਜ਼ਿੰਦਗੀ ਵਿੱਚੋਂ ਤਿੰਨ ਦਹਾਕੇ ਦੇਣ ਵਾਲੇ ਗੀਤਕਾਰ ਕਿਰਪਾਲ ਸਿੰਘ ਮਾਣਾ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਕਤਲ ਕਾਂਡ ਤੋਂ ਬਾਅਦ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਡਰੀ ਹੋਈ ਹੈ ਅਤੇ ਉਨ੍ਹਾਂ ਉੱਪਰ ਇੱਕ ਦਬਾਅ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਭਾਣਾ ਵਾਪਰਿਆ ਹੈ ਉਹ ਬਹੁਤ ਹੀ ਮੰਦਭਾਗਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਹਿਸ਼ਤ ਦੇ ਮਾਹੌਲ ਨੂੰ ਖ਼ਤਮ ਕੀਤਾ ਜਾਵੇ ਅਤੇ ਜਿੰਨ੍ਹਾਂ ਨੂੰ ਸਕਿਉਰਿਟੀ ਦੀ ਲੋੜ ਹੈ ਉਨ੍ਹਾਂ ਨੂੰ ਸਕਿਓਰਿਟੀ ਦਿੱਤੀ ਜਾਵੇ ਪਰ ਬਹੁਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਲੋਕ ਇਸ ਸਮੇਂ ਦਹਿਸ਼ਤ ਦੇ ਮਾਹੌਲ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਹਿਸ਼ਤ ਦੇ ਮਾਹੌਲ ਨੂੰ ਖ਼ਤਮ ਕੀਤਾ ਜਾਵੇ ਅਤੇ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।