ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ੇਸ਼ ਸੈਸ਼ਨ ਬੁਲਾਵੇ ਮਾਨ ਸਰਕਾਰ, ਫਿਰ ਦੇਖਾਂਗੇ ਕਿਹੜਾ... ਬਠਿੰਡਾ :ਬੇਅਦਬੀ ਅਤੇ ਗੋਲੀਕਾਂਡ ਦੀਆਂ ਵਾਪਰੀਆਂ ਘਟਨਾਵਾਂ ਉਤੇ ਆਖਰ ਪੁਲਿਸ ਵੱਲੋਂ ਅਦਾਲਤ ਵਿਚ ਚਾਲਾਨ ਪੇਸ਼ ਕਰ ਦਿੱਤਾ ਗਿਆ ਹੈ, ਜਿਸ ਵਿਚ ਉਸ ਸਮੇਂ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ, ਡੀਜੀਪੀ ਸੁਮੇਧ ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਕਟਹਿਰੇ ਵਿੱਚ ਲਿਆਂਦਾ ਹੈ। ਅਦਾਲਤ ਵਿੱਚ ਬੇਅਦਬੀ ਘਟਨਾਵਾਂ ਦੇ ਪੇਸ਼ ਹੋਏ ਚਾਲਾਨ ਉਤੇ ਅੱਜ ਬਠਿੰਡਾ ਵਿਖੇ ਸਰਬੱਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਪੰਜਾਬ ਸਰਕਾਰ ਦੀ ਅਗਵਾਈ ਵਿਚ ਪੁਲਸ ਵੱਲੋਂ ਪੇਸ਼ ਕੀਤੇ ਚਲਾਨ ਦਾ ਸਵਾਗਤ ਕੀਤਾ। ਮੰਡ ਨੇ ਨਾਲ ਹੀ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਘਟਨਾਵਾਂ ਉਤੇ ਹੁਣ ਤੁਰੰਤ ਕਾਰਵਾਈ ਕਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਜ਼ਾ ਦਿੱਤੀ ਜਾਵੇ ਤੇ ਮਾਨ ਸਰਕਾਰ ਚੋਣਾਂ ਵੇਲੇ ਕੀਤੇ ਵਾਅਦੇ ਨੂੰ ਪੂਰਾ ਕਰੇ।
ਫੈਸਲੇ ਨੂੰ ਅਮਲੀ ਰੂਪ ਦੇਵੇ ਸਰਕਾਰ :ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਓਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਡੀਜੀਪੀ ਸੁਮੇਧ ਸੈਣੀ ਸਮੇਤ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਅਦਬੀ ਘਟਨਾਵਾਂ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਬਰਗਾੜੀ ਵਿਖੇ ਪੰਥਕ ਧਿਰਾਂ ਦੇ ਸਹਿਯੋਗ ਨਾਲ ਲੰਬਾ ਮੋਰਚਾ ਚੱਲਿਆ ਜਿਸ ਦੀ ਵੱਡੀ ਪ੍ਰਾਪਤੀ ਸਾਹਮਣੇ ਆਈ ਹੈ ਪਰ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੈਸਲੇ ਨੂੰ ਅਮਲੀ ਰੂਪ ਦੇਵੇ।
ਇਹ ਵੀ ਪੜ੍ਹੋ :Harsimrat Kaur Badal: ''ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅੱਗੇ ਮਾਨ ਸਰਕਾਰ ਨੇ ਗੋਡੇ ਟੇਕ ਦਿੱਤੇ''
ਬੰਦੀ ਸਿੰਘਾਂ ਦੀ ਰਿਹਾਈ ਲਈ ਸਪੈਸ਼ਲ ਸੈਸ਼ਨ ਬੁਲਾਵੇ ਸਰਕਾਰ :ਇਸ ਮੌਕੇ ਉਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਨ ਸਰਕਾਰ ਸਪੈਸ਼ਲ ਸੈਸ਼ਨ ਬੁਲਾਵੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਸ ਕੀਤਾ ਜਾਵੇ। ਫਿਰ ਦੇਖਾਂਗੇ ਕਿਹੜੀ ਪਾਰਟੀ ਦਾ ਵਧਾਇਕ ਵਿਰੋਧ ਕਰਦਾ ਹੈ। ਬੀਤੇ ਦਿਨ ਅਜਨਾਲਾ ਵਿਖੇ ਥਾਣੇ ਉਤੇ ਕਬਜ਼ਾ ਕਰਨ ਅਤੇ ਪਾਲਕੀ ਸਾਹਿਬ ਵਿੱਚ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਵਾਪਰੀ ਘਟਨਾ ਉਤੇ ਬੋਲਦਿਆਂ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਕੌਮਾਂ ਲੜਾਈ ਲੜਨ ਲੱਗੇ ਅਰਦਾਸ ਕਰ ਕੇ ਜਾਂਦੀਆਂ ਹਨ ਪਰ ਇਸ ਤਰ੍ਹਾਂ ਥਾਣਿਆਂ ਵਿੱਚ ਨਿੱਜੀ ਲੜਾਈ ਲਈ ਪਾਲਕੀ ਸਾਹਿਬ ਵਿੱਚ ਗੁਰੂ ਸਾਹਿਬ ਲੈ ਕੇ ਜਾਣਾ ਠੀਕ ਨਹੀਂ। ਉਮੀਦ ਕਰਦੇ ਹਾਂ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ ਕਿਉਂਕਿ ਗੁਰੂ ਦਾ ਸਤਿਕਾਰ ਜ਼ਰੂਰੀ ਹੈ ਪਰ ਇਹ ਹਲਾਤ ਸਰਕਾਰਾਂ ਬਣਾਉਂਦੀਆਂ ਹਨ ਕਿਉਂਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੇ ਮਸਲਿਆਂ ਤੇ ਇਨਸਾਫ ਦੇਣਾ ਯਕੀਨੀ ਬਣਾਵੇ।
ਇਹ ਵੀ ਪੜ੍ਹੋ :Action on finger cutting case : ਸ਼ੰਭੂ ਬਾਰਡਰ 'ਤੇ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਮੁਕਾਬਲਾ, 2 ਗੈਂਗਸਟਰ ਕਾਬੂ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਲਾਤ ਬਿਲਕੁਲ ਠੀਕ ਹਨ, ਪਰ ਅਫ਼ਸੋਸ ਪੰਜਾਬ ਦੇ ਗਵਰਨਰ ਬਾਰਡਰ ਉਤੇ ਜਾ ਕੇ ਗਲਤ ਬਿਆਨਬਾਜ਼ੀ ਕਰ ਰਹੇ ਹਨ ਕਿ ਪੰਜਾਬ ਵਿੱਚ ਮਾਹੌਲ ਖ਼ਰਾਬ ਹੈ ਜਦੋਂ ਕਿ ਅਜਿਹੀ ਕੋਈ ਗੱਲ ਨਹੀਂ। ਅਜਿਹੇ ਬਿਆਨ ਤੋਂ ਸਾਹਮਣੇ ਆਉਂਦਾ ਹੈ ਇਹ ਏਜੰਸੀਆਂ ਅਤੇ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਵਿੱਚ ਮਾਹੌਲ ਖਰਾਬ ਹੋਵੇ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।