ਬਠਿੰਡਾ:ਪੰਜਾਬ ਸਰਕਾਰ ਵੱਲੋਂ 'ਨਵੀਂ ਸਕਰੈਪਿੰਗ ਪਾਲਿਸੀ' ਤਹਿਤ ਟਰਾਂਸਪੋਰਟ ਗੱਡੀਆਂ ਦੇ ਮਾਲਕ ਗੱਡੀ ਦੀ ਰਜਿਸਟ੍ਰੇਸਨ ਤੋਂ 8 ਸਾਲ ਤੱਕ ਲਾਭ ਲੈ ਸਕਦੇ ਹਨ। ਜਿਸ ਦੇ ਐਲਾਨ ਤੋਂ ਬਾਅਦ ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਨਰਪਿੰਦਰ ਸਿੰਘ ਕਲਾਲ ਨੇ ਪੰਜਾਬ ਸਰਕਾਰ ਦੀ ਇਸ ਪਾਲਿਸੀ ਦਾ ਵਿਰੋਧ ਕੀਤਾ ਗਿਆ ਹੈ।
ਪਾਲਿਸੀ ਲਾਗੂ ਹੋਣ ਨਾਲ ਲੱਖਾਂ ਪਰਿਵਾਰ ਬੇਰੁਜ਼ਗਾਰ ਹੋ ਜਾਣਗੇ:- ਇਸ ਸਬੰਧੀ ਗੱਲਬਾਤ ਕਰਦਿਆ ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਨਰਪਿੰਦਰ ਸਿੰਘ ਕਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਪਾਲਿਸੀ ਟਰਾਂਸਪੋਰਟ ਕਿੱਤੇ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗੀ। ਇਹ ਪਾਲਿਸੀ ਲਾਗੂ ਹੋਣ ਨਾਲ ਲੱਖਾਂ ਪਰਿਵਾਰ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਜਿਹੀਆਂ ਪਾਲਿਸੀਆਂ ਲਿਆਉਣ ਲਈ ਰਾਏ ਪਤਾ ਨਹੀਂ ਕੌਣ ਦਿੰਦਾ ਹੈ।
ਟਰਾਂਸਪੋਰਟਰਾਂ ਵੱਲੋਂ ਵਪਾਰਕ ਵਾਹਨ 10 ਸਾਲ ਤੱਕ ਕਿਸ਼ਤਾਂ ਉੱਤੇ ਲਏ ਜਾਂਦੇ ਹਨ:-ਪ੍ਰਧਾਨ ਨਰਪਿੰਦਰ ਸਿੰਘ ਕਲਾਲ ਨੇ ਕਿਹਾ ਟਰਾਂਸਪੋਰਟਰਾਂ ਵੱਲੋਂ ਆਪਣੀਆਂ ਗੱਡੀਆਂ ਦੀ ਸਾਂਭ-ਸੰਭਾਲ ਬੱਚਿਆਂ ਵਾਂਗੂ ਕੀਤੀ ਜਾਂਦੀ ਹੈ। ਕਿਉਂਕਿ ਲੱਖਾਂ ਰੁਪਏ ਇਹਨਾਂ ਵਪਾਰਕ ਵਾਹਨਾਂ ਉਪਰ ਮਾਲਕ ਵੱਲੋਂ ਖਰਚੇ ਜਾਂਦੇ ਹਨ। ਜ਼ਿਆਦਾਤਰ ਵਪਾਰਕ ਵਾਹਨ ਕਰਜ਼ਾ ਲੈ ਕੇ ਹੀ ਲਏ ਜਾਂਦੇ ਹਨ ਅਤੇ ਬੈਂਕਾਂ ਵੱਲੋਂ 10 ਸਾਲ ਤੱਕ ਕਿਸ਼ਤਾਂ ਉੱਤੇ ਵਪਾਰਕ ਵਾਹਨਾਂ ਦਿੱਤੇ ਜਾਂਦੇ ਹਨ। ਜੇਕਰ ਸਰਕਾਰ ਵੱਲੋਂ ਵਪਾਰਕ ਵਾਹਨਾਂ ਉੱਤੇ 8 ਸਾਲ ਦੀ ਮਿਆਦ ਕਰ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਪ੍ਰਾਈਵੇਟ ਟਰਾਂਸਪੋਰਟ ਨੂੰ ਸਭ ਤੋਂ ਵੱਡਾ ਨੁਕਸਾਨ ਹੋਵੇਗਾ।