ਗਣਤੰਤਰ ਦਿਵਸ ਮੌਕੇ ਝਾਕੀਆਂ ਰੱਦ ਹੋਣ ਉੱਤੇ ਸਿਆਸਤ ! ਬਠਿੰਡਾ:ਇੱਕ ਪਾਸੇ ਦੇਸ਼ ਭਰ ਵਿੱਚ ਗਣਤੰਤਰ ਦਿਵਸ ਨੂੰ ਲੈ ਕੇ ਖੁਸ਼ੀਆਂ ਦਾ ਮਾਹੌਲ ਹੈ ਅਤੇ ਉੱਥੇ ਹੀ ਗਣਤੰਤਰ ਦਿਵਸ ਨੂੰ ਲੈ ਕੇ ਵੱਡੀ ਪੱਧਰ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਹੋਣ ਵਾਲੀ 26 ਜਨਵਰੀ ਦੀ ਪਰੇਡ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਵੱਲੋਂ ਆਪੋਂ-ਆਪਣੀ ਝਾਕੀ ਪੇਸ਼ ਕੀਤੀ ਜਾਂਦੀ ਹੈ, ਤਾਂ ਜੋ ਸੂਬੇ ਆਪਣੇ ਸੱਭਿਆਚਾਰ ਪ੍ਰਾਪਤੀਆਂ ਅਤੇ ਦੇਸ਼ ਪ੍ਰੇਮ ਦੇ ਅਕਸ ਨੂੰ ਪੇਸ਼ ਕਰ ਸਕਣ।
ਦਿੱਲੀ ਵਿਖੇ ਹੋਣ ਵਾਲੀ 26 ਜਨਵਰੀ ਦੀ ਪਰੇਡ ਮੌਕੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਝੰਡਾ ਲਹਿਰਾਇਆ ਜਾਂਦਾ ਹੈ। ਉੱਥੇ ਹੀ, ਦੇਸ਼ ਦੀਆਂ ਤਿੰਨੇ ਫੌਜਾਂ ਤੋਂ ਸਲਾਮੀ ਲਈ ਜਾਂਦੀ ਹੈ। ਇਹ ਦਿਨ ਹਰ ਭਾਰਤੀ ਲਈ ਖੁਸ਼ੀਆਂ ਭਰਿਆ ਹੁੰਦਾ ਹੈ। ਪਰ, ਪੰਜਾਬ ਦੀ ਝਾਕੀ ਇਸ ਵਾਰ ਵੀ ਪਰੇਡ ਦਾ ਹਿੱਸਾ ਨਹੀਂ ਬਣੇਗੀ। ਇਸ ਤੋਂ ਬਾਅਦ ਪੰਜਾਬ ਅੰਦਰ ਸਿਆਸਤ ਤੇਜ਼ ਹੋ ਗਈ ਅਤੇ ਇੱਕ-ਦੂਜੇ ਉੱਤੇ ਇਲਜ਼ਾਮਾਂ ਦੀ ਝੜੀ ਲੱਗੀ।
ਭਾਜਪਾ ਆਗੂ ਸੁਨੀਲ ਜਾਖੜ ਨੇ ਘੇਰੇ ਮਾਨ-ਕੇਜਰੀਵਾਲ ਸੀਐਮ ਮਾਨ ਦਾ ਇਲਜ਼ਾਮ : 26 ਜਨਵਰੀ ਦੀ ਪਰੇਡ ਵਿੱਚ ਝਾਕੀਆਂ ਨੂੰ ਸ਼ਾਮਿਲ ਕਰਨ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਤੇ 26 ਜਨਵਰੀ ਦੀ ਪਰੇਡ ਦਾ ਭਗਵਾਂ ਕਰਨ ਤੱਕ ਦੇ ਇਲਜ਼ਾਮ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ 4 ਅਗਸਤ 2023 ਨੂੰ ਪੰਜਾਬ ਦੀਆਂ ਤਿੰਨ ਝਾਕੀਆਂ ਸਬੰਧੀ ਪ੍ਰਪੋਜਲ ਭੇਜਿਆ ਗਿਆ ਅਤੇ ਤਿੰਨ ਬੈਠਕਾਂ ਕੀਤੀਆਂ ਗਈਆਂ ਸਨ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਣ ਵਾਲੀਆਂ ਝਾਕੀਆਂ ਨੂੰ ਰੱਦ ਕਰਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ।
ਭਾਜਪਾ ਆਗੂ ਜਾਖੜ ਦੇ ਇਲਜ਼ਾਮ: ਦੂਜੇ ਪਾਸੇ, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉੱਤੇ ਝਾਕੀਆਂ ਨੂੰ ਲੈ ਕੇ ਜਿੱਥੇ ਸਿਆਸਤ ਕਰਨ ਦੇ ਇਲਜ਼ਾਮ ਲਾਏ, ਉੱਥੇ ਹੀ ਕਿਹਾ ਕਿ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਇਨ੍ਹਾਂ ਝਾਕੀਆਂ ਉੱਤੇ ਆਪਣੀਆਂ ਤਸਵੀਰਾਂ ਲਗਾਉਣੀਆਂ ਚਾਹੁੰਦੇ ਸਨ, ਇਸ ਕਰਕੇ ਮਾਹਿਰਾਂ ਦੇ ਪੈਨਲ ਵੱਲੋਂ ਝਾਕੀਆਂ ਰੱਦ ਕੀਤੀਆਂ ਗਈਆਂ ਹਨ। ਝਾਕੀਆਂ ਰੱਦ ਕਰਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਟੰਕੀ ਤੱਕ ਕਰਨ ਦੇ ਇਲਜ਼ਾਮ ਲਾਏ।
ਸੀਐਮ ਮਾਨ ਦਾ ਸੁਨੀਲ ਜਾਖੜ ਨੂੰ ਚੈਲੰਜ ਇਲਜ਼ਾਮਾਂ ਤੋਂ ਬਾਅਦ ਸੀਐਮ ਮਾਨ ਦਾ ਜਾਖੜ ਨੂੰ ਚੈਲੰਜ:ਇਸ ਦੇ ਨਾਲ ਹੀ, ਸੀਐਮ ਮਾਨ ਨੇ ਸੁਨੀਲ ਜਾਖੜ ਨੂੰ ਚੈਲੰਜ ਕੀਤਾ ਕਿ ਉਹ ਸਾਬਿਤ ਕਰ ਦੇਣਗੇ ਕਿ ਦਿੱਲੀ ਭੇਜੀਆਂ ਝਾਕੀਆਂ ਵਿੱਚ ਮੇਰੀ ਤੇ ਕੇਜਰੀਵਾਲ ਦੀ ਫੋਟੋ ਲੱਗੀ ਹੈ, ਮੈਂ ਰਾਜਨੀਤੀ ਛੱਡ ਦਿਆਂਗਾ। ਉਨ੍ਹਾਂ ਕਿਹਾ ਕਿ ਜਾਖੜ ਸਾਬ੍ਹ ਅਜੇ ਨਵੇਂ-ਨਵੇਂ ਭਾਜਪਾ ਵਿੱਚ ਸ਼ਾਮਲ ਹੋਏ ਹਨ, ਇਸ ਲਈ ਉਨ੍ਹਾਂ ਨੂੰ ਝੂਠ ਵੀ ਬੋਲਣਾ ਨਹੀਂ ਆਉਂਦਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਮੋਦੀ ਸਰਕਾਰ ਉੱਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅਸੀ ਪੰਜਾਬ ਦੀ ਝਾਕੀ ਇੱਥੇ ਤੇ ਦਿੱਲੀ ਜਾ ਕੇ ਵੱਖਰੀ ਕੱਢਾਂਗੇ।
ਕਿਵੇਂ ਹੁੰਦੀ ਸੂਬੇ ਦੀ ਝਾਕੀ ਸ਼ਾਮਲ ਕਰਨ ਲਈ ਚੋਣ:26 ਜਨਵਰੀ ਦੀ ਪਰੇਡ ਵਿੱਚ ਝਾਕਿਆਂ ਨੂੰ ਸ਼ਾਮਿਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਮਾਹਿਰਾਂ ਦਾ ਇੱਕ ਪੈਨਲ ਬਣਾਇਆ ਜਾਂਦਾ ਹੈ। ਇਸ ਪੈਨਲ ਵਿੱਚ ਚਿੱਤਰਕਲਾ ਸੱਭਿਆਚਾਰ ਮੂਰਤੀ ਕਲਾ, ਸੰਗੀਤ ਵਸਤੂ ਕਲਾ, ਨਾਚ ਆਦਿ ਵਿਸ਼ਿਆਂ ਨਾਲ ਸੰਬੰਧਿਤ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਸ ਪੈਨਲ ਵੱਲੋਂ ਬਕਾਇਦਾ ਸੂਬਿਆਂ ਤੋਂ ਝਾਕੀਆਂ ਸਬੰਧੀ ਜਾਣਕਾਰੀ ਲਈ ਜਾਂਦੀ ਹੈ। ਝਾਕੀਆਂ ਸਬੰਧੀ ਤਜਵੀਜ਼ ਨੂੰ ਮਾਹਿਰਾਂ ਦੀ ਟੀਮ ਵੱਲੋਂ ਵਾਚਿਆ ਜਾਂਦਾ ਹੈ। ਤਜਵੀਜ਼ ਅਨੁਸਾਰ ਜੇਕਰ ਭੇਜੀ ਗਈ ਝਾਕੀ ਮਾਪਦੰਡਾਂ ਦੇ ਸਹੀ ਨਹੀਂ ਉੱਤਰਦੀ, ਤਾਂ ਇਸ ਸਬੰਧੀ ਮਾਹਿਰਾਂ ਦੀ ਟੀਮ ਵੱਲੋਂ ਬਕਾਇਦਾ ਸੂਬਾ ਸਰਕਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਵੱਖ ਵੱਖ ਸੂਬਿਆਂ ਤੋਂ ਆਈਆਂ ਝਾਕੀਆਂ ਦੀਆਂ ਤਜਵੀਜ਼ਾਂ, ਜੋ ਮਾਪਦੰਡਾਂ ਤੋਂ ਸਹੀ ਉੱਤਰਦੀਆਂ ਹਨ, ਉਨ੍ਹਾਂ ਦੀ ਫਾਈਨਲ ਲਿਸਟ ਬਣਾ ਕੇ ਰੱਖਿਆ ਮੰਤਰੀ ਕੋਲ ਭੇਜ ਦਿੱਤੀ ਜਾਂਦੀ ਹੈ। ਸੂਬੇ ਦੀਆਂ ਸਰਕਾਰਾਂ ਸੂਬੇ ਦੇ ਇਤਿਹਾਸ ਸੱਭਿਆਚਾਰ ਅਤੇ ਵਿਰਸੇ ਸਬੰਧੀ ਝਾਕੀਆਂ 26 ਜਨਵਰੀ ਦੀ ਪਰੇਡ ਵਿੱਚ ਸ਼ਾਮਿਲ ਕਰਨ ਲਈ ਤਜਵੀਜ਼ ਵਜੋਂ ਭੇਜਦੀਆਂ ਹਨ।
ਅਕਾਲੀ ਦਲ ਦੇ ਨਿਸ਼ਾਨੇ ਉੱਤੇ ਸੂਬਾ ਤੇ ਕੇਂਦਰ ਸਰਕਾਰ ਅਕਾਲੀ ਦਲ ਦਾ ਨਿਸ਼ਾਨਾ:ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਿਚਕਾਰ ਝਾਕੀਆਂ ਨੂੰ ਲੈ ਕੇ ਹੋਈ ਤਕਰਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਵੇਂ ਹੀ ਸਰਕਾਰਾਂ ਨੂੰ ਇਹ ਸਭ ਲਈ ਜਿੰਮੇਵਾਰ ਦੱਸਿਆ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਕਰੀਬ ਦੋ ਮਹੀਨੇ ਦੇ ਸਮੇਂ ਵਿਚਕਾਰ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਝਾਕੀਆਂ ਸਬੰਧੀ ਜਾਣਕਾਰੀ ਕਿਉਂ ਨਹੀਂ ਲਈ ਗਈ ਅਤੇ ਜੇਕਰ ਕੋਈ ਕਮੀ ਪੇਸ਼ੀ ਸੀ, ਤਾਂ ਉਸ ਲਈ ਬਣਦੇ ਕਦਮ ਕਿਉਂ ਨਹੀਂ ਚੁੱਕੇ ਗਏ। ਆਖਿਰ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਇਨ੍ਹਾਂ ਝਾਕੀਆਂ ਰਾਹੀਂ ਪੇਸ਼ ਕੀਤਾ ਜਾਣਾ ਸੀ।
ਪਿਛਲੇ ਕਈ ਸਾਲਾਂ ਤੋਂ ਰੱਦ ਹੋ ਰਹੀ ਝਾਕੀ:26 ਜਨਵਰੀ 2024 ਗਣਤੰਤਰ ਦਿਵਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਬੁਰੀ ਤਰ੍ਹਾਂ ਗਰਮਾ ਗਈ ਹੈ। ਕਿਉਂਕਿ, ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਦੀ ਝਾਕੀ 26 ਜਨਵਰੀ ਦੀ ਪਰੇਡ ਵਿੱਚ ਸ਼ਾਮਿਲ ਨਹੀਂ ਕੀਤੀ ਗਈ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਪੰਜਾਬ ਦੀ ਝਾਕੀ 26 ਜਨਵਰੀ ਦੀ ਪਰੇਡ ਵਿੱਚ ਸ਼ਾਮਿਲ ਨਾ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਸਾਲ 2009, 2010, 2013, 2016, 2017 ਅਤੇ 2023 ਵਿੱਚ ਪੰਜਾਬ ਦੀ ਝਾਕੀ ਸ਼ਾਮਿਲ ਨਹੀਂ ਕੀਤੀ ਗਈ ਸੀ। ਸਿਰਫ ਪੰਜਾਬ ਹੀ ਨਹੀਂ ਹੋਰਨਾ ਸੂਬਿਆਂ ਦੀਆਂ ਵੀ ਝਾਕੀਆਂ 26 ਜਨਵਰੀ ਦੀ ਗਣਤੰਤਰ ਪਰੇਡ ਵਿੱਚ ਨਹੀਂ ਕੀਤੀਆਂ ਗਈਆਂ, ਜੋ ਕਿ ਮਾਹਿਰਾਂ ਦੇ ਬਣਾਏ ਗਏ ਪੈਨਲ ਦੇ ਮਾਪਦੰਡਾਂ ਉੱਤੇ ਖਰੀਆਂ ਨਹੀਂ ਉਤਰਦੀਆਂ। 2022 ਦੀ 26 ਜਨਵਰੀ ਦੀ ਪਰੇਡ ਵਿੱਚ ਪੱਛਮੀ ਬੰਗਾਲ ਤਾਮਿਲਨਾਡੂ ਅਤੇ ਕੇਰਲ ਸੂਬੇ ਦੀਆਂ ਝਾਕੀਆਂ ਸ਼ਾਮਿਲ ਨਹੀਂ ਕੀਤੀਆਂ ਗਈਆਂ ਸਨ। ਇਸ ਵਾਰ ਪੰਜਾਬ ਦੇ ਨਾਲ-ਨਾਲ ਦਿੱਲੀ ਸਰਕਾਰ ਦੀ ਝਾਂਕੀ ਨੂੰ ਵੀ 26 ਜਨਵਰੀ ਦੀ ਪਰੇਡ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ।
ਅਕਾਲੀ ਦਲ ਦੇ ਨਿਸ਼ਾਨੇ ਉੱਤੇ ਸੂਬਾ ਤੇ ਕੇਂਦਰ ਸਰਕਾਰ ਦੱਸਣਯੋਗ ਹੈ ਕਿ 26 ਜਨਵਰੀ ਗਣਤੰਤਰ ਦਿਵਸ ਮੌਕੇ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਵੱਲੋਂ ਆਪਣੀਆਂ ਆਪਣੀਆਂ ਝਾਕੀਆਂ ਰਾਹੀਂ ਕਲਾ, ਸੰਗੀਤ, ਇਤਿਹਾਸ, ਕੁਰਬਾਨੀਆਂ, ਸੱਭਿਆਚਾਰ ਅਤੇ ਵਿਰਸੇ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ, ਉੱਥੇ ਹੀ ਦੁਨੀਆਂ ਭਰ ਵਿੱਚੋਂ ਮਹਿਮਾਨ ਇਸ ਪਰੇਡ ਨੂੰ ਦੇਖਣ ਲਈ ਪਹੁੰਚਦੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿੱਥੇ ਇਸ ਪਰੇਡ ਤੋਂ ਸਲਾਮੀ ਲਈ ਜਾਂਦੀ ਹੈ, ਉੱਥੇ ਹੀ ਵੱਖ ਵਖ ਸੂਬਿਆਂ ਵੱਲੋਂ ਭੇਜੀਆਂ ਗਈਆਂ ਝਾਂਕੀਆਂ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ ਅਤੇ ਦੇਸ਼ਵਾਸੀਆਂ ਨੂੰ ਇਨ੍ਹਾਂ ਸੂਬਿਆਂ ਦੇ ਸੱਭਿਆਚਾਰ ਭਾਸ਼ਾ ਅਤੇ ਕਲਾ ਬਾਰੇ ਜਾਣਕਾਰੀ ਮਿਲਦੀ ਹੈ, ਪਰ ਝਾਕੀਆਂ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ ਕਾਰਨ 26 ਜਨਵਰੀ ਗਣਤੰਤਰ ਦਿਵਸ ਦੀ ਪਰੇਡ ਰਾਜਨੀਤੀ ਦੀ ਭੇਂਟ ਚੜ੍ਹਦੀ ਨਜ਼ਰ ਆ ਰਹੀ ਹੈ।