ਬਠਿੰਡਾ :ਟਰਾਂਸਪੋਰਟ ਵਿਭਾਗ ਵੱਲੋਂ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਬੱਸ ਅੱਡਾ ਫੀਸ ਵਿਚ ਸਾਢੇ ਤਿੰਨ ਸੋਂ ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ, ਜਿਸ ਕਰਕੇ ਪ੍ਰਾਈਵੇਟ ਟਰਾਂਸਪੋਰਟਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਆਉਂਦੇ ਦਿਨਾਂ ਵਿੱਚ ਇਹ ਮਾਮਲਾ ਪੰਜਾਬ ਸਰਕਾਰ ਲਈ ਸਿਰਦਰਦੀ ਬਣਦਾ ਵੀ ਦਿਸ ਰਿਹਾ ਹੈ। ਜੇਕਰ ਬੇਤਹਾਸ਼ਾ ਫੀਸ ਵਿਚ ਕੁਝ ਵੀ ਰਾਹਤ ਨਾ ਕੀਤੀ ਗਈ ਤਾਂ ਪ੍ਰਾਈਵੇਟ ਬੱਸ ਅਪਰੇਟਰ ਕਿਸਾਨਾਂ ਵਾਂਗ ਸੰਘਰਸ਼ ਦੇ ਰਾਹ ਵੀ ਪੈ ਸਕਦੇ ਹਨ।
ਇਸ ਹਿਸਾਬ ਨਾਲ ਵਧੀ ਫੀਸ :ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਜਲਾਲ ਨੇ ਜਾਣਕਾਰੀ ਦਿੱਤੀ ਕਿ ਪੀਆਰਟੀਸੀ ਵੱਲੋਂ ਬੱਸ ਅੱਡਾ ਫੀਸ ਵਿਚ ਸਾਢੇ ਤਿੰਨ ਸੌ ਪ੍ਰਤੀਸ਼ਤ ਤੱਕ ਵਾਧਾ ਕੀਤਾ ਗਿਆ ਹੈ। ਵੱਡੀ ਬੱਸ ਦੀ ਅੱਡਾ ਫੀਸ 30 ਰੁਪਏ ਤੋਂ ਵਧਾ ਕੇ 90 ਰੁਪਏ ਦੇ ਕਰੀਬ ਕਰ ਦਿੱਤੀ ਹੈ, ਮਿੰਨੀ ਬਸ ਦੀ ਅੱਡਾ ਫੀਸ ਜੋ ਸਾਰੇ ਦਿਨ ਦੀ 40 ਰੁਪਏ ਸੀ, ਉਸਨੂੰ ਵਧਾ ਕੇ ਇੱਕ ਚੱਕਰ ਦੇ 45 ਰੁਪਏ ਕਰ ਦਿੱਤੇ ਹਨ। ਜੇਕਰ ਇੱਕ ਮਿਨੀ ਬੱਸ ਚਾਰ ਗੇੜੇ ਲਾਉਂਦੀ ਹੈ ਤਾਂ ਉਸਨੂੰ 180 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇੱਥੋਂ ਤੱਕ ਕਿ ਰਾਹਤ ਦੀ ਪਰਚੀ ਵੀ ਤਿੱਗਣੀ ਕਰ ਦਿੱਤੀ ਹੈ ਜੋ ਸਰਾਸਰ ਗਲਤ ਫ਼ੈਸਲਾ ਹੈ। ਇਹ ਮਿੰਨੀ ਬੱਸਾਂ ਦੇ ਮਾਲਕਾਂ ਨਾਲ ਧੱਕਾ ਹੈ ਜੋ ਮਨਜ਼ੂਰ ਨਹੀਂ ਕਿਉਂਕਿ ਪ੍ਰਾਈਵੇਟ ਬੱਸ ਅਪਰੇਟਰ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਹਨ ਅਤੇ ਲੱਖਾਂ ਰੁਪਏ ਦਾ ਸਲਾਨਾ ਟੈਕਸ ਭਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਪਾਸੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਸੂਬੇ ਨੂੰ ਇਸ ਕਦਰ ਖੁਸ਼ਹਾਲ ਕਰਨਗੇ ਕੇ ਦੂਜੇ ਸੂਬਿਆਂ ਵਿੱਚ ਲੋਕ ਇਥੇ ਨੌਕਰੀ ਕਰਨ ਆਉਣਗੇ ਪਰ ਪੰਜਾਬ ਵਿਚ ਚੱਲ ਰਹੇ ਕਾਰੋਬਾਰਾਂ ਪ੍ਰਤੀ ਅਜਿਹੇ ਫੈਸਲੇ ਲਏ ਜਾ ਰਹੇ ਹਨ ਕਿ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨ ਲਈ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟਰ ਕਾਰੋਬਾਰ ਪਹਿਲਾਂ ਹੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ, ਜਿਸ ਕਾਰਨ ਪ੍ਰਾਈਵੇਟ ਟਰਾਂਸਪੋਰਟ ਪਹਿਲਾਂ ਹੀ ਵੱਡੇ ਵਿੱਤੀ ਘਾਟੇ ਵਿੱਚ ਚੱਲ ਰਹੇ ਹਨ।