ਬਠਿੰਡਾ: ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਆਰਮੀਂ ਵਿੱਚ ਭਾਰਤੀ ਫੌਜੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਵਿਸ਼ੇਸ਼ ਹੈਲਮੇਟ ਜਿੰਨ੍ਹਾਂ ਨੂੰ ਕਿ ਬੈਲੇਸਟਿਕ ਹੈਲਮੇਟ ਕਿਹਾ ਜਾ ਰਿਹਾ ਜਲਦ ਦਿੱਤੇ ਜਾਣਗੇ। ਦੂਜੇ ਪਾਸੇ ਹੁਣ ਇਹ ਮੁੱਦਾ ਸਿਆਸਤ ਦੇ ਨਾਲ ਨਾਲ ਧਾਰਮਿਕ ਮੁੱਦਾ ਵੀ ਬਣਦਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਦੇ ਇਸ ਫੈਸਲੇ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ।
ਕਦੇ ਨਹੀਂ ਪਹਿਨੇ ਹੈਲਮੇਟ:ਜਥੇਦਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਸਿੱਖ ਫੌਜੀਆਂ ਨੂੰ ਦਸਤਾਰ ਦੀ ਬਜਾਏ ਜਬਰਨ ਹੈਲਮੇਟ ਪਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤ ਸਰਕਾਰ ਵੀ ਬਰਤਾਨੀਆਂ ਸਰਕਾਰ ਦੇ ਵਾਂਗ ਸਿੱਖਾਂ ਦੀ ਪਹਿਚਾਣ ਉੱਤੇ ਅਸਿੱਧੇ ਤਰੀਕੇ ਨਾਲ ਵਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆਂ ਸਰਕਾਰ ਨੇ ਵੀ ਦੂਸਰੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਣ ਲਈ ਕਿਹਾ ਸੀ ਪਰ ਸਿੱਖ ਫ਼ੌਜੀਆਂ ਨੇ ਬ੍ਰਿਟਿਸ਼ ਹਕੂਮਤ ਦੇ ਇਸ ਫੈਸਲੇ ਨੂੰ ਰੱਦ ਕੀਤਾ ਸੀ। ਉਨ੍ਹਾਂ ਕਿਹਾ ਭਾਰਤੀ ਫੌਜ ਵਿੱਚ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਾਉਣਾ ਸਿੱਖਾਂ ਦੀ ਪਹਿਚਾਣ ਦੇ ਖਾਤਮੇ ਦਾ ਯਤਨ ਮੰਨਿਆ ਜਾਵੇਗਾ।
ਦਸਤਾਰ ਕੋਈ ਕੱਪੜਾ ਨਹੀਂ: ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਿਰ ਲਈ ਬਣੀ ਦਸਤਾਰ ਕੋਈ ਪੰਜ ਸੱਤ ਮੀਟਰ ਦਾ ਕੱਪੜਾ ਨਹੀਂ ਹੈ ਸਗੋਂ ਗੁਰੂ ਸਾਹਿਬ ਵੱਲੋਂ ਬਖਸ਼ਿਆ ਤਾਜ ਹੈ। ਉਨ੍ਹਾਂ ਕਿਹਾ ਸਾਡੀ ਪਹਿਚਾਣ ਦੇ ਪ੍ਰਤੀਕ ਦਸਤਾਰ ਦੇ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ ਸਾਡੀ ਪਹਿਚਾਣ ਨੂੰ ਖਤਮ ਕਰਨ ਦੇ ਯਤਨ ਵਜੋਂ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਸਿੱਖ ਧਰਮ ਵਿੱਚ ਦਸਤਾਰ ਉਪਰ ਕਿਸੇ ਕਿਸਮ ਦੀ ਟੋਪੀ ਜਾਂ ਟੋਪ ਪਾਉਣਾ ਵਰਜਿਤ ਹੈ, ਚਾਹੇ ਉਹ ਕੱਪੜੇ ਦੀ ਹੋਵੇ ਅਤੇ ਚਾਹੇ ਉਹ ਲੋਹੇ ਦੀ ਹੋਵੇ।