ਬਠਿੰਡਾ:ਚਾਈਨਾ ਡੋਰ ਨਾਲ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਰੋਜ਼ਾਨਾਂ ਵਾਪਰ ਰਹੀਆਂ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਪੱਕੇ ਪੈਰੀਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਇਸੇ ਦੇ ਰੋਸ ਵਜੋਂ ਬਠਿੰਡਾ ਦੇ ਸਾਬਕਾ ਕੌਂਸਲਰ ਨੇ ਖੂਨ ਨਾਲ ਰੰਗੇ ਕੱਪੜੇ ਪਾ ਕੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਸਾਬਕਾ ਕੌਂਸਲਰ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਿਕ ਬਠਿੰਡਾ ਤੋਂ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅੱਜ ਪਰਸਰਾਮ ਨਗਰ ਚੌਕ ਵਿੱਚ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਵੱਲੋਂ ਆਪਣੇ ਗਲ ਵਿੱਚ ਚਾਈਨਾ ਡੋਰ ਪਾ ਕੇ ਅਤੇ ਨਕਲੀ ਖੂਨ ਨਾਲ ਰੰਗੇ ਹੋਏ ਕੱਪੜਿਆਂ ਉੱਤੇ ਛਿੜਕਾਅ ਕਰਕੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਲੋਕ ਚਾਈਨਾ ਡੋਰ ਖਰੀਦ ਅਤੇ ਵੇਚ ਰਹੇ ਹਨ ਉਹ ਲੋਕ ਸੰਭਲ ਜਾਣ ਕਿਉਂਕਿ ਇਹ ਮਨੁੱਖ ਅਤੇ ਪਸ਼ੂਆਂ ਪੰਛੀਆਂ ਲਈ ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਰੋਜ਼ਾਨਾਂ ਲੋਕ ਜ਼ਖਮੀ ਹੋ ਰਹੇ ਹਨ। ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ।