ਬਠਿੰਡਾ :ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ਉਤੇ ਬੰਦ ਕੀਤੇ ਗਏ ਐਲਾਨ ਤੋਂ ਬਾਅਦ ਪੰਜਾਬ ਦੇ ਬਹੁਤੇ ਇੰਡਸਟਰੀ ਚਲਾਉਣ ਵਾਲੇ ਖੁਸ਼ ਨਹੀਂ ਨਜ਼ਰ ਆ ਰਹੇ। ਬਠਿੰਡਾ ਤੋ ਵਪਾਰ ਮੰਡਲ ਦੇ ਪ੍ਰਧਾਨ ਰਜਿੰਦਰ ਕੁਮਾਰ ਰਾਜੂ ਭੱਠੇ ਵਾਲੇ ਦਾ ਕਹਿਣਾ ਹੈ ਕਿ ਸ਼ਰਾਬ ਫੈਕਟਰੀ ਬੰਦ ਕਰਨ ਦਾ ਸਰਕਾਰ ਦਾ ਫੈਸਲਾ ਇਕ ਤਰਫਾ ਹੈ। ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਇੰਡਸਟਰੀ ਨੂੰ ਇੱਕਦਮ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਉਹ ਮੰਦਭਾਗਾ ਹੈ ਕਿਉਂਕਿ ਕਿਸੇ ਵੀ ਕਾਰੋਬਾਰੀ ਵੱਲੋਂ ਕਰੋੜਾਂ ਰੁਪਏ ਲਗਾ ਕੇ ਇੰਡਸਟਰੀ ਸ਼ੁਰੂ ਕੀਤੀ ਜਾਂਦੀ ਹੈ ਅਤੇ ਉਸ ਨੂੰ ਚਲਾਉਣ ਲਈ ਉਨ੍ਹਾਂ ਵੱਲੋਂ ਬਕਾਇਦਾ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਪਰ ਸਰਕਾਰ ਵੱਲੋਂ ਅਚਾਨਕ ਲਏ ਗਏ ਇਸ ਫੈਸਲੇ ਨਾਲ ਵਪਾਰੀ ਦਾ ਜਿੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ ਉੱਥੇ ਹੋਰ ਵਪਾਰੀ ਵੀ ਪੰਜਾਬ ਵਿਚ ਕਾਰੋਬਾਰ ਸਥਾਪਤ ਕਰਨ ਤੋਂ ਡਰਦੇ ਹਨ।
ਵਪਾਰੀ ਨੂੰ ਭਾਵੇਂ ਸਰਕਾਰ ਵੱਲੋਂ ਸ਼ਰਤਾਂ ਪੂਰੀਆਂ ਕਰਨ ਤੇ ਇੰਡਸਟਰੀ ਲਗਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਉਸ ਦੇ ਮਨ ਵਿਚ ਇਹ ਡਰ ਬੈਠ ਜਾਂਦਾ ਹੈ ਕੀ ਸਰਕਾਰ ਉਸ ਦੇ ਕਾਰੋਬਾਰ ਨੂੰ ਕਿਸੇ ਸਮੇਂ ਵੀ ਬੰਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਇੰਡਸਟਰੀ ਦਾ ਵੱਡਾ ਯੋਗਦਾਨ ਹੈ ਪਰ ਸਰਕਾਰਾਂ ਵੱਲੋਂ ਕੋਈ ਵੀ ਇੰਡਸਟਰੀ ਸਬੰਧੀ ਚੰਗਾ ਫੈਸਲਾ ਨਾ ਲਏ ਜਾਣ ਕਾਰਨ ਵੱਡੀ ਪੱਧਰ ਉਤੇ ਕਾਰੋਬਾਰੀ ਹੋਰਨਾਂ ਸੂਬਿਆਂ ਦਾ ਰੁਖ ਕਰ ਰਹੇ ਹਨ ਅਤੇ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਜਾ ਰਿਹਾ ਹੈ।