ਬਠਿੰਡਾ: ਮਾਲ ਰੋਡ 'ਤੇ ਸਥਿਤ ਨਿੱਜੀ ਹਸਪਤਾਲ ਦਾ ਕੋਵਿਡ ਸੈਂਟਰ ਦੋ ਮਹੀਨਿਆਂ ਲਈ ਡਿਪਟੀ ਕਮਿਸ਼ਨਰ ਬਠਿੰਡਾ ਵੀ. ਸ੍ਰੀ ਨਿਵਾਸਨ ਦੁਆਰਾ ਮੁਅੱਤਲ ਕਰ ਦਿੱਤਾ ਗਿਆ ਹੈ। ਗਲੋਬਲ ਹਸਪਤਾਲ ਵਲੋਂ ਲੈਵਲ 3 ਦੇ ਮਰੀਜ਼ਾਂ ਸਬੰਧੀ 7 ਬੈੱਡਾਂ ਲਈ ਇੰਮਪੈਂਨਲਡ ਹੋਣ ਦੇ ਬਾਵਜੂਦ 33 ਮਰੀਜਾਂ ਨੂੰ ਦਾਖਲ ਕੀਤਾ ਗਿਆ ਸੀ। ਸਿਵਲ ਸਰਜਨ ਬਠਿੰਡਾ ਵਲੋਂ ਕੀਤੀ ਗਈ ਪੜ੍ਹਤਾਲ ਦੌਰਾਨ ਪਾਈਆਂ ਗਈਆਂ ਕਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੋਬਲ ਹਸਪਤਾਲ ਨੂੰ 1 ਜੂਨ ਤੋਂ 31 ਜੁਲਾਈ ਤੱਕ ਕੋਵਿਡ-19 ਦੇ ਨਵੇਂ ਮਰੀਜਾਂ ਨੂੰ ਦਾਖ਼ਲ ਕਰਨ 'ਤੇ ਮੁਕੰਮਲ ਰੋਕ ਲਗਾਈ ਗਈ ਹੈ। ਇੱਥੇ ਉਨ੍ਹਾਂ ਇਹ ਸਪੱਸ਼ਟ ਕੀਤਾ ਹੈ ਕਿ ਇਸ ਹਸਪਤਾਲ ਵਿੱਚ ਹੁਣ ਤੱਕ ਦਾਖਲ ਮਰੀਜਾਂ ਦਾ ਹਸਪਤਾਲ ਪ੍ਰਬੰਧਨ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਇਲਾਜ ਕੀਤਾ ਜਾ ਸਕੇਗਾ।
ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਸਿਵਲ ਸਰਜਨ ਨੇ ਪ੍ਰਾਈਵੇਟ ਹਸਪਤਾਲਾਂ ਵਲੋਂ ਕੋਰੋਨਾ ਪ੍ਰਭਾਵਿਤ ਮਰੀਜਾਂ ਕੋਲੋਂ ਕੀਤੀ ਜਾ ਰਹੀ ਓਵਰ ਚਾਰਜਿੰਗ ਨੂੰ ਰੀਵਿਊ ਕਰਦੇ ਹੋਏ ਨਿੱਜੀ ਗਲੋਬਲ ਹਸਪਤਾਲ ਵਿੱਚ ਕੁਝ ਕਮੀਆਂ ਹੋਣ ਬਾਰੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਰਿਪੋਰਟ ਕੀਤੀ ਸੀ। ਜਿਸ ਉਪਰੰਤ ਸਿਵਲ ਸਰਜਨ ਦੀ ਰਿਪੋਰਟ ਨੂੰ ਧਿਆਨ 'ਚ ਰੱਖਦੇ ਹੋਏ ਦਫ਼ਤਰ ਡਿਪਟੀ ਕਮਿਸ਼ਨਰ ਵਲੋਂ ਗਲੋਬਲ ਹੈਲਥ ਕੇਅਰ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।