Singapore for training : 36 ਪ੍ਰਿੰਸੀਪਲਾਂ ਦੇ ਗਰੁੱਪ ਵਿੱਚ ਸ਼ਾਮਿਲ ਪ੍ਰਿੰਸੀਪਲ ਮੀਨਾ ਭਾਰਤੀ ਦਾ ਬਿਆਨ, ਕਿਹਾ- ਸਿੰਗਾਪੁਰ ਦੇ ਸਕੂਲ ਸਿਸਟਮ ਮੁਤਾਬਿਕ ਬਹੁਤ ਅੱਗੇ ਬਠਿੰਡਾ: ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਲਈ ਪਿਛਲੇ ਦਿਨੀਂ ਪੰਜਾਬ ਦੇ 36 ਪ੍ਰਿੰਸੀਪਲ ਨੂੰ ਸਿੰਗਾਪੁਰ ਭੇਜਿਆ ਗਿਆ ਸੀ ਇਸ ਟ੍ਰੇਨਿੰਗ ਦਾ ਹਿੱਸਾ ਰਹੇ ਸੀਨੀਅਰ ਸਕੈਂਡਰੀ ਸਕੂਲ ਬੀੜ ਤਲਾਬ ਦੇ ਪ੍ਰਿੰਸੀਪਲ ਮੈਡਮ ਮੀਨਾ ਭਾਰਤੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਸਿੰਗਾਪੁਰ ਟ੍ਰੇਨਿੰਗ ਦੇ ਪਲਾਂ ਸਾਂਝੇ ਕਰਦਿਆਂ ਕਿਹਾ ਕਿ ਇਨਫਰਾਸਟਰਕਚਰ ਵਿੱਚ ਪੰਜਾਬ ਦੇ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਪਵੇਗਾ ਖਾਸ ਕਰਕੇ ਪੜ੍ਹਾਈ ਛੱਡ ਕੇ ਜਾਣ ਵਾਲੇ ਬੱਚਿਆਂ ਨੂੰ ਪੜਾਈ ਪ੍ਰਤੀ ਉਤਸ਼ਾਹਤ ਕਰਨ ਦੇ ਉਪਰਾਲੇ ਜ਼ਰੂਰੀ ਹਨ।
ਤਕਨੀਕ ਮੁਤਾਬਕ ਬੱਚਿਆਂ ਨੂੰ ਸਿੱਖਿਆ: ਉਨ੍ਹਾਂ ਕਿਹਾ ਕਿ ਸਿੰਗਾਪੁਰ ਦੇ ਅਧਿਆਪਕ ਵੀ ਹੋਰਨਾਂ ਦੇਸ਼ਾਂ ਵਿੱਚ ਟ੍ਰੇਨਿੰਗ ਲਈ ਜਾਂਦੇ ਹਨ ਤਾਂ ਜੋ ਅੱਜ ਦੀ ਦੁਨੀਆਂ ਦੀ ਤਕਨੀਕ ਮੁਤਾਬਕ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੋਜ ਅਤੇ ਬੱਚਿਆਂ ਦੀ ਸੋਚ ਮੁਤਾਬਿਕ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਿੰਗਾਪੁਰ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਦੇਸ਼ ਭਗਤੀ ਦਾ ਜਜ਼ਬਾ ਸਕੂਲਾਂ ਦੀ ਮਜ਼ਬੂਤੀ ਦਾ ਵੱਡਾ ਕਾਰਨ ਹੈ ਜਿਸ ਕਰਕੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੱਧ ਜਾਂਦੀ ਹੈ।
ਸਿੱਖਿਆ ਖੇਤਰ ਵਿੱਚ ਤਬਦੀਲੀ: ਉਹਨਾਂ ਕਿਹਾ ਕਿ ਸਿੰਗਾਪੁਰ ਵਿੱਚ ਵਿਦਿਆਰਥੀਆਂ ਨੂੰ ਹਰ ਖੇਡ ਦੇ ਮੁਤਾਬਿਕ ਕੋਚ ਦਿਤੇ ਜਾਂਦੇ ਹਨ ਤਾਂ ਜੋ ਪੜ੍ਹਾਈ ਦੇ ਨਾਲ-ਨਾਲ ਉਹ ਚੰਗੇ ਖਿਡਾਰੀ ਬਣ ਸਕਣ। ਉਨ੍ਹਾਂ ਕਿਹਾ ਸਿੰਗਾਪੁਰ ਵਿੱਚ ਸਮੇਂ ਸਮੇਂ ਉੱਤੇ ਸਿੱਖਿਆ ਖੇਤਰ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਰਲਡ ਲੇਵਲ ਦੀ ਸਿੱਖਿਆ ਦੇ ਬਰਾਬਰ ਸਿੱਖਿਆ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੱਚਿਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਨੂੰ ਵੀ ਸਮੇਂ ਸਮੇਂ ਸਿਰ ਟ੍ਰੇਨਿੰਗ ਜ਼ਰੂਰੀ ਹੈ ਤਾਂ ਜੋ ਦੇਸ਼ ਦੀ ਸਿੱਖਿਆ ਨੀਤੀ ਤਹਿਤ ਬੱਚਿਆਂ ਨੂੰ ਜਾਗਰੂਕ ਕਰ ਸਕਣ।
ਇਹ ਵੀ ਪੜ੍ਹੋ:Police Raid in Amritsar: ਅੰਮ੍ਰਿਤਸਰ ਵਿੱਚ ਅਚਾਨਕ ਘਰਾਂ ਵਿੱਚ ਆ ਵੜੀ ਪੁਲਿਸ, ਨਸ਼ਾ ਲੱਭਣ ਲਈ ਪੁਲਿਸ ਨੇ ਫਰੋਲਿਆ ਘਰਾਂ ਦਾ ਕੋਨਾ-ਕੋਨਾ
ਸਿੱਖਿਆ ਮੰਤਰੀ ਦੇ ਉਪਰਾਲਿਆਂ ਦੀ ਸ਼ਲਾਘਾ: ਉਹਨਾਂ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਦੀ ਤਰੱਕੀ ਉਨ੍ਹਾਂ ਦੀ ਕਾਬਲੀਅਤ ਦੇ ਅਨੁਸਾਰ ਹੁੰਦੀ ਹੈ ਪ੍ਰੰਤੂ ਪੰਜਾਬ ਵਿੱਚ ਸਿਸਟਮ ਵੱਖਰਾ ਹੈ ਜਿਸਨੂੰ ਧਿਆਨ ਦੇਣ ਦੀ ਜ਼ਰੂਰਤ ਹੈ, ਤਾਂ ਜੋ ਅਧਿਆਪਕ ਤਰੱਕੀਆਂ ਲੈਣ ਲਈ ਬੱਚਿਆਂ ਦੇ ਭਵਿੱਖ ਸੁਧਾਰਨ ਲਈ ਬਣਦੀ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਅਪੀਲ ਕੀਤੀ ਕਿ ਇਸੇ ਲੜੀ ਤਹਿਤ ਸਿੱਖਿਆ ਦੇ ਸੁਧਾਰ ਲਈ ਯਤਨ ਕੀਤੇ ਜਾਣ।