ਬਠਿੰਡਾ: ਬਠਿੰਡਾ ਵਿੱਚ ਬੀਤੇ ਦਿਨ ਬਰਸਾਤ ਦੇ ਪਾਣੀ ਨੇ ਗੋਦਾਮਾਂ 'ਚ ਸਟੋਰ ਕੀਤੀ ਹਜ਼ਾਰਾਂ ਮੀਟ੍ਰਕ ਟਨ ਕਣਕ ਖ਼ਰਾਬ ਕਰ ਦਿੱਤੀ ਹੈ ਜਿਸ ਕਾਰਨ ਕਣਕ ਨਾ ਤਾਂ ਹੁਣ ਇਨਸਾਨ ਦੇ ਖਾਣ ਲਾਇਕ ਤੇ ਨਾ ਹੀ ਪਸ਼ੂਆਂ ਦੇ ਖਾਣ ਲਾਇਕ ਰਹੀ ਹੈ। ਉੱਥੇ ਹੀ ਭਾਰੀ ਬਰਸਾਤ ਦਾ ਹਵਾਲਾ ਦੇ ਕੇ ਅਧਿਕਾਰੀ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ।
ਬਠਿੰਡਾ ਵਿੱਚ ਕਣਕ ਦੇ ਗੋਦਾਮ ਵਿੱਚ ਸਟੋਰ ਕੀਤੀ ਕਣਕ ਨੂੰ ਲੈ ਕੇ ਬਰਸਾਤ ਤੋਂ ਪਹਿਲਾਂ ਈਟੀਵੀ ਭਾਰਤ ਵੱਲੋਂ ਇੰਤਜ਼ਾਮ ਵਿਖਾਏ ਗਏ ਸਨ, ਜਿੱਥੇ ਖੁੱਲੇ ਅਸਮਾਨ ਹੇਠ ਰੱਖੀ ਕਣਕ ਨੂੰ ਜਲਦ ਸ਼ਿਫਟ ਕਰਨ ਦੀ ਗੱਲ ਕਹੀ ਗਈ ਸੀ। ਮੰਡੀ ਵਿੱਚ ਮਜ਼ਦੂਰ ਬੋਰੀ 'ਚੋਂ ਕਣਕ ਬਾਹਰ ਕੱਢ ਕੇ ਸੁਖਾ ਰਹੇ ਸਨ। ਮੀਡੀਆ ਨੂੰ ਵੇਖਦੇ ਹੀ ਮੰਡੀ ਵਿੱਚ ਕਣਕ ਨੂੰ ਬੋਰੀਆਂ ਤੋਂ ਬਾਹਰ ਕੱਢਣ ਦਾ ਕੰਮ ਕਰਨ ਵਾਲੇ ਮਜ਼ਦੂਰ ਅਤੇ ਕੁਝ ਅਧਿਕਾਰੀ ਮੌਕੇ ਤੋਂ ਚਲੇ ਗਏ।
ਮੌਕੇ 'ਤੇ ਖੜੇ ਕੁੱਝ ਮਜ਼ਦੂਰਾਂ ਨੇ ਦੱਸਿਆ ਕਿ ਇਹ ਕਣਕ ਵੇਅਰ ਹਾਉਸ ਦੀ ਹੈ ਜੋ ਕਿ ਮੀਂਹ ਕਾਰਨ ਖ਼ਰਾਬ ਹੋ ਗਈ ਸੀ ਜਿਸ ਤੋਂ ਬਾਅਦ ਖ਼ਰਾਬ ਗੱਟੇ ਨੂੰ ਮੰਡੀ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕਈ ਗੱਟੇ ਮੰਡੀ ਵਿੱਚ ਹਨ, ਜਿਨ੍ਹਾਂ ਨੂੰ ਇਨਸਾਨ ਤਾਂ ਕਿ ਜਾਨਵਰ ਵੀ ਨਹੀਂ ਖਾ ਸਕਦੇ।