ਬਠਿੰਡਾ: ਬਠਿੰਡਾ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਦੀ ਪੀਸੀਆਰ ਟੀਮ ਨੇ ਨਸ਼ਾ ਤਸਕਰੀ ਦੇ ਸ਼ੱਕ ’ਚ ਕਾਰ ’ਚ ਸਵਾਰ ਬਦਮਾਸ਼ਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ, ਜਿਸ ਮਗਰੋਂ ਬਦਮਾਸ਼ਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭੱਜਣ ਲੱਗੇ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਾਰ ਦਾ ਪਿੱਛਾ ਕਰਕੇ ਭੱਟੀ ਰੋਡ 'ਤੇ ਘੇਰ ਲਿਆ। ਇਸ ਦੌਰਾਨ ਪੁਲੀਸ ਨੇ ਕਾਰ ਵਿੱਚ ਸਵਾਰ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ। ਜਦਕਿ ਦੂਜਾ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਪੁਲਿਸ ’ਤੇ ਫਾਇਰਿੰਗ :ਫੜੇ ਗਏ ਮੁਲਜ਼ਮ ਦੀ ਪਛਾਣ ਸੁਖਦੀਪ ਵਾਸੀ ਬਠਿੰਡਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਫਰਾਰ ਮੁਲਜ਼ਮ ਅਵਤਾਰ ਡੋਡਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਦੁਪਹਿਰ ਕਰੀਬ 3:30 ਵਜੇ ਵਾਪਰੀ । ਜਾਣਕਾਰੀ ਅਨੁਸਾਰ ਦੁਪਹਿਰ ਸਾਢੇ 3 ਵਜੇ ਦੇ ਕਰੀਬ ਪੀ.ਸੀ.ਆਰ ਦੀ ਟੀਮ ਗੱਡੀ 'ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਟੀਮ ਨੇ ਹੋਟਲ ਸਾਪਲ ਨੇੜੇ ਇੱਕ ਕਾਰ ਵਿੱਚ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰਾਂ ਨੇ ਕਾਰ ਨਹੀਂ ਰੋਕੀ। ਇਸ ਦੌਰਾਨ ਉਸ ਦੇ ਨਾਲ ਆਏ ਨੌਜਵਾਨ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਅਤੇ ਕਾਰ ਭਜਾ ਕੇ ਲੈ ਗਏ। ਜਵਾਬ 'ਚ ਪੀਸੀਆਰ ਦੇ ਜਵਾਨਾਂ ਨੇ ਵੀ ਫਾਇਰਿੰਗ ਕੀਤੀ, ਜੋ ਬਦਮਾਸ਼ਾਂ ਦੀ ਕਾਰ 'ਚ ਜਾ ਵੱਜੀ।