ਤਲਵੰਡੀ ਸਾਬੋ: ਸਿੱਖ ਫਾਰ ਜਸਟਿਸ ਦੇ ਰੈਫਰੈਂਡਮ 2020 ਨੂੰ ਲੈ ਕੇ 15 ਅਗੱਸਤ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸਦੀ ਪੁਸ਼ਟੀ ਇੱਕ ਪੁਲਿਸ ਅਧਿਕਾਰੀ ਨੇ ਕੀਤੀ ਹੈ।
ਰੈਫਰੈਂਡਮ 2020 ਅਰਦਾਸ ਮਾਮਲੇ 'ਚ ਪੁਲਿਸ ਨੇ ਇੱਕ ਸਿੱਖ ਨੌਜਵਾਨ ਦੀ ਗ੍ਰਿਫ਼ਤਾਰੀ ਕਬੂਲੀ ਜਾਣਕਾਰੀ ਅਨੁਸਾਰ ਰੈਫਰੈਂਡਮ 2020 ਨੂੰ ਲੈ ਕੇ ਸਿੱਖ ਫ਼ਾਰ ਜਸਟਿਸ ਨੇ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 15 ਅਗੱਸਤ ਮੌਕੇ ਅਰਦਾਸ ਦਾ ਐਲਾਨ ਕੀਤਾ ਸੀ। ਇਸ ਪਿੱਛੋਂ ਕੁੱਝ ਨੌਜਵਾਨਾਂ ਨੇ ਅਰਦਾਸ ਕੀਤੇ ਜਾਣ ਦਾ ਦਾਅਵਾ ਕਰਦੀ ਹੋਈ ਇੱਕ ਵੀਡੀਓ ਵੀ ਇੰਟਰਨੈਟ 'ਤੇ ਵਾਈਰਲ ਕੀਤੀ ਸੀ।
ਨੌਜਵਾਨਾਂ ਨੇ ਇਸ ਵੀਡੀਓ ਰਾਹੀਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਤਖ਼ਤ ਸਾਹਿਬ ਵਿਖੇ ਆਜ਼ਾਦ ਸਿੱਖ ਰਾਜ ਦੀ ਅਰਦਾਸ ਕਰ ਦਿੱਤੀ ਹੈ ਹਾਲਾਂਕਿ ਬਾਅਦ ਵਿੱਚ ਪੁਲਿਸ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਉਕਤ ਨੌਜਵਾਨ ਅਰਦਾਸ 14 ਅਗੱਸਤ ਨੂੰ ਹੀ ਕਰ ਗਏ ਸਨ। ਵੀਡੀਓ ਆਉਣ ਉਪਰੰਤ ਪੁਲਿਸ ਵੀਡੀਓ ਪਾਉਣ ਵਾਲਿਆਂ ਦੀ ਖੋਜ ਵਿੱਚ ਲੱਗ ਗਈ ਸੀ।
ਇਸ ਵੀਡੀਓ ਤੋਂ ਬਾਅਦ ਹਰਕਤ ਵਿੱਚ ਆਈ ਤਲਵੰਡੀ ਸਾਬੋ ਪੁਲਿਸ ਦੇ ਏ.ਐਸ.ਆਈ. ਧਰਮਵੀਰ ਸਿੰਘ ਨੇ ਸੋਮਵਾਰ ਨੂੰ ਇਹ ਮੰਨਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਿਰਮਲਜੀਤ ਸਿੰਘ ਵਾਸੀ ਪਿੰਡ ਕੋਟਸ਼ਮੀਰ (ਬਠਿੰਡਾ) ਨੂੰ ਗ੍ਰਿਫ਼ਤਾਰ ਕਰਕੇ 107,108/151 ਆਈ.ਆਰ.ਪੀ.ਸੀ. ਤਹਿਤ ਕਾਰਵਾਈ ਕੀਤੀ ਗਈ ਹੈ।
ਭਾਵੇਂ ਪੁਲਿਸ ਅਧਿਕਾਰੀ ਨੇ ਪੁਸ਼ਟੀ ਤਾਂ ਨਹੀਂ ਕੀਤੀ ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਮਾਮਲੇ ਵਿੱਚ ਪੁਲਿਸ ਨੇ ਦੋ ਸਿੱਖ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿੱਚ ਲਿਆ ਸੀ ਪਰ ਇੱਕ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ।