ਲੜਕੀ ਦੇ ਪਿਤਾ ਅਤੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ। ਬਠਿੰਡਾ :ਖੇਡਾਂ ਵਤਨ ਪੰਜਾਬ ਦੀਆਂ ਵਿੱਚ ਖਿਡਾਰੀਆਂ ਨਾਲ ਹੋ ਰਹੇ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਇੱਕ ਕਬੱਡੀ ਖਿਡਾਰਨ ਮਨਵੀਰ ਕੌਰ ਕਬੱਡੀ ਮੈਚ ਨਾ ਖਿਡਾਉਣ ਦੇ ਰੋਸ ਵਜੋਂ ਆਪਣੇ ਪਿਤਾ ਨਾਲ ਸਾਰੇ ਮੈਡਲ ਗਲ ਵਿੱਚ ਪਾ ਕੇ ਪਾਣੀ ਵਾਲੀ ਟੈਂਕੀ ਉੱਤੇ ਹੀ ਚੜ ਗਈ। ਖਿਡਾਰਨ ਦਾ ਇਲਜ਼ਾਮ ਹੈ ਕਿ ਸਟੇਟ ਕਬੱਡੀ ਟੀਮ ਦੀ ਕੋਚ ਉਸਨੂੰ ਆਪਣੇ ਨਾਲ ਇਸ ਕਰਕੇ ਲੈ ਗਈ ਸੀ ਕਿ ਉਸ ਨੂੰ ਕਬੱਡੀ ਮੈਚ ਖਿਡਾਇਆ ਜਾਵੇਗਾ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ।
ਕੋਚ ਉੱਤੇ ਲਗਾਏ ਇਲਜ਼ਾਮ :ਪਾਣੀ ਵਾਲੀ ਟੈਂਕੀ ਉੱਤੇ ਚੜ੍ਹੀ ਖਿਡਾਰਨ ਮਨਵੀਰ ਕੌਰ ਦੇ ਪਿਤਾ ਨੇ ਦੱਸਿਆ ਕਿ ਕਬੱਡੀ ਟੀਮ ਦੀ ਕੋਚ ਮੇਰੀ ਲੜਕੀ ਨੂੰ ਕਬੱਡੀ ਮੈਚ ਖਿਡਾਉਣ ਗੀ ਗੱਲ ਕਹਿ ਕੇ ਦਿੜਬਾ ਵਿਖੇ ਲੈ ਗਈ ਸੀ।ਜਿੱਥੇ ਖੇਡਾਂ ਵਤਨ ਪੰਜਾਬ ਦੇ ਤਹਿਤ ਪੰਜਾਬ ਸਟੇਟ ਕਬੱਡੀ ਟੀਮ ਦਾ ਮੈਚ ਹੋਣਾ ਸੀ ਪਰ ਜਦੋਂ ਮੇਰੀ ਲੜਕੀ ਕੋਚ ਨਾਲ ਦਿੜਬਾ ਪਹੁੰਚੀ ਤਾਂ ਕੋਚ ਨੇ ਮੇਰੀ ਲੜਕੀ ਨੂੰ ਟੀਮ ਵਿੱਚ ਵੀ ਨਹੀਂ ਲਿਆ ਅਤੇ ਨਾ ਹੀ ਮੈਚ ਖਿਡਾਇਆ। ਇਸ ਨਾਲ ਮੇਰੀ ਲੜਕੀ ਦੀ ਪੜਾਈ ਵੀ ਖਰਾਬ ਹੋਈ ਅਤੇ ਉਹ ਮਾਨਸਿਕ ਤੌਰ ਉੱਤੇ ਪਰੇਸ਼ਾਨ ਵੀ ਹੋਈ।
ਕਬੱਡੀ ਖਿਡਾਰਨ ਮਨਵੀਰ ਕੌਰ ਨੇ ਕਿਹਾ ਕਿ ਕਬੱਡੀ ਟੀਮ ਦੀ ਕੋਚ ਨੇ ਉਸ ਨੂੰ ਝਾਂਸੇ ਵਿੱਚ ਰੱਖਿਆ ਅਤੇ ਉਸ ਨਾਲ ਉਕਤ ਕੋਚ ਨੇ ਵਿਤਕਰਾ ਕੀਤਾ ਹੈ।ਮਨਵੀਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਸਾਲ ਖੇਡਾਂ ਵਿੱਚ ਤੀਸਰੇ ਨੰਬਰ ਉੱਤੇ ਰਹੀ ਹੈ।
ਮੌਕੇ ਉੱਤੇ ਪਹੁੰਚੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਨੇ ਜਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਲੜਕੀ ਅਤੇ ਉਸ ਦੇ ਪਿਤਾ ਨੂੰ ਪਾਣੀ ਵਾਲੀ ਟੈਂਕੀ ਤੋਂ ਥੱਲੇ ਉਤਾਰਿਆ, ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਰਾਮਪੁਰਾ ਦੇ ਤਹਿਸੀਲਦਾਰ ਅਤੇ ਜਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਨੇ ਲੜਕੀ ਤੇ ਉਸ ਦੇ ਪਰਿਵਾਰ ਨੂੰ ਵਿਸ਼ਾਵਾਸ ਦੁਆਇਆ ਕਿ ਸਰਕਲ ਸਟਾਈਲ ਦੀ ਕਬੱਡੀ ਦੇ ਟਰਾਇਲ ਲੜਕੀ ਪਾਸੋਂ ਅਗਲੇ ਦਿਨਾਂ ਵਿੱਚ ਲਏ ਜਾਣਗੇ। ਇਸ ਤੋਂ ਬਾਅਦ ਸਲੈਕਟ ਹੋਣ ਉਪਰੰਤ ਇਸ ਨੂੰ ਮੈਚ ਖਿਡਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਚ ਬਲਵਿੰਦਰ ਕੋਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਝਾਂਸਾ ਖਿਡਾਰਨ ਨੂੰ ਨਹੀਂ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਖਿਡਾਰਨ ਮਨਵੀਰ ਕੋਰ ਨੂੰ 13ਵੇਂ ਖਿਡਾਰੀ ਵਜੋਂ ਨਾਲ ਲਿਜਾਇਆ ਗਿਆ ਸੀ।