ਬਠਿੰਡਾ: ਦੇਸ ਵਿੱਚ ਜਿਉਂ-ਜਿਉਂ ਇੰਟਰਨੈੱਟ ਦਾ ਦਾਇਰਾ ਵੱਧਦਾ ਜਾ ਰਿਹਾ ਹੈ, ਤਿਉਂ-ਤਿਉਂ ਸ਼ਾਤਿਰ ਲੋਕਾਂ ਵੱਲੋਂ ਠੱਗੀ ਦੇ ਨਵੇਂ ਤਰੀਕੇ ਈਜ਼ਾਦ ਕੀਤੇ ਜਾ ਰਹੇ ਹਨ। ਇੰਨੀ ਦਿਨ ਭੋਲੇ-ਭਾਲੇ ਲੋਕਾਂ ਨੂੰ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਬੈਂਕ ਵਿੱਚੋਂ ਲੱਖਾਂ ਰੁਪਏ ਮਿੰਟਾਂ ਸਕਿੰਟਾਂ ਵਿੱਚ ਚੋਰੀ ਕਰ ਲਏ ਜਾਂਦੇ ਹਨ।
ਇੰਝ ਕਰਦੇ ਹਨ ਸ਼ਾਤਿਰ ਲੋਕ ਆਨਲਾਈਨ ਠੱਗੀ:ਜੇਕਰ ਸਾਈਬਰ ਕ੍ਰਾਈਮ ਨੂੰ ਕੰਟਰੋਲ ਕਰਨ ਵਾਲੇ ਅਧਿਕਾਰੀਆਂ ਦੀ ਗੱਲ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਆਨਲਾਈਨ ਠੱਗੀ ਕਰਨ ਵਾਲੇ ਲੋਕਾਂ ਕੋਲ ਪਹਿਲਾਂ ਹੀ ਅਜਿਹੇ ਲੋਕਾਂ ਦਾ ਡਾਟਾ ਹੁੰਦਾ ਹੈ, ਜੋ ਵੱਡੀ ਪੱਧਰ ਉੱਤੇ ਮੋਬਾਈਲ ਦੀ ਵਰਤੋਂ ਕਰਦੇ ਹਨ ਅਤੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਚੰਗਾ ਲੈਣ ਦੇਣ ਹੁੰਦਾ ਹੈ। ਉਹਨਾਂ ਕਿਹਾ ਮੋਬਾਇਲ ਲੋਕਾਂ ਦੀ ਸਹੂਲਤ ਲਈ ਬਣਿਆ ਹੈ, ਪਰ ਲੋਕ ਇਸ ਨੂੰ ਲਗਾਤਾਰ ਆਪਣੇ ਮਨੋਰੰਜਨ ਦਾ ਸਾਧਨ ਸਮਝ ਕੇ ਵਰਤ ਰਹੇ ਹਨ। ਜਿਸ ਕਾਰਨ ਸ਼ਾਤਿਰ ਲੋਕਾਂ ਵੱਲੋਂ ਅਜਿਹੀਆਂ ਐਪ ਤੇ ਵੈੱਬਸਾਈਟ ਡਿਵੈਲਪ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਓਪਨ ਕਰਦੇ ਹੀ ਆਮ ਲੋਕਾਂ ਦੇ ਮੋਬਾਇਲ ਹੈਕ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਸਾਰਾ ਡਾਟਾ ਸ਼ਾਤਿਰ ਠੱਗਾਂ ਤੱਕ ਚਲਾ ਜਾਂਦਾ ਹੈ। ਫਿਰ ਉਹਨਾਂ ਵੱਲੋਂ ਬੈਂਕ ਖਾਤੇ ਖਾਲੀ ਕਰ ਦਿੱਤੇ ਜਾਂਦੇ ਹਨ।
ਇਹ ਠੱਗੀ ਸ਼ਾਤਿਰ ਠੱਗਾਂ ਵੱਲੋਂ ਆਮ ਲੋਕਾਂ ਨਾਲ ਕ੍ਰੈਡਿਟ ਕਾਰਡ ਓ.ਟੀ.ਪੀ ਅਤੇ ਯੂ.ਪੀ.ਆਈ ਰਾਹੀਂ ਠੱਗੀ ਮਾਰਦੇ ਹਨ। ਪੰਜਾਬ ਵਿੱਚ ਹੁਣ ਇੱਕ ਨਵਾਂ ਦੌਰ ਸ਼ੁਰੂ ਹੋਇਆ ਹੈ, ਆਨਲਾਈਨ ਠੱਗੀ ਦਾ ਇਸ ਠੱਗੀ ਨੂੰ ਰੋਕਣ ਲਈ ਲੋਕਾਂ ਨੂੰ ਸੁਚੇਤ ਹੋਣਾ ਪਵੇਗਾ, ਕੋਈ ਵੀ ਵਿਅਕਤੀ ਵਿਦੇਸ਼ੀ ਨੰਬਰ ਤੋਂ ਕਾਲ ਕਰਦਾ ਹੈ ਅਤੇ ਰਿਸ਼ਤੇਦਾਰ ਬਣ ਕੇ ਆਪਣੀਆਂ ਗੱਲਾਂ ਵਿੱਚ ਭਰਮਾਂ ਲੈਂਦਾ ਹੈ ਅਤੇ ਭੋਲੇ ਭਾਲੇ ਲੋਕ ਫਿਰ ਲੱਖਾਂ ਰੁਪਏ ਉਸ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੰਦੇ ਹਨ। ਬਹੁਤੇ ਲੋਕ ਅੱਜ ਫੇਕ ਲਿੰਕ ਅਤੇ ਫੇਕ ਵੈੱਬਸਾਈਟਾਂ ਕਾਰਨ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ। - ਇੰਸਪੈਕਟਰ ਰਾਜਵਿੰਦਰ ਪਾਲ ਸਿੰਘ, ਸਾਇਬਰ ਸੈੱਲ ਦੇ ਅਧਿਕਾਰੀ
ਆਨਲਾਈਨ ਠੱਗੀ ਹੋਣ 'ਤੇ 1930 'ਤੇ ਤੁਰੰਤ ਕਰੋ ਸ਼ਿਕਾਇਤ:ਜੇਕਰ ਆਨਲਾਈਨ ਠੱਗੀ ਹੋਣ ਉਪਰੰਤ ਆਮ ਵਿਅਕਤੀ ਕੋਲ 2 ਚਾਰ ਘੰਟਿਆਂ ਵਿੱਚ ਸੰਪਰਕ ਕਰਦਾ ਹੈ ਤਾਂ ਸਾਈਬਰ ਸੈੱਲ ਵੱਲੋਂ ਤੁਰੰਤ ਇਸ ਸਬੰਧੀ ਬੈਂਕ ਨੂੰ ਨੋਟਿਸ ਭੇਜਿਆ ਜਾਂਦਾ ਹੈ ਅਤੇ ਬੈਂਕ ਅਕਾਊਂਟ ਫ੍ਰੀਜ਼ ਕਰਵਾ ਦਿੱਤਾ ਜਾਂਦਾ ਹੈ। ਪੰਜਾਬ ਪੁਲਿਸ ਵਲੋਂ ਸਥਾਪਿਤ ਕੀਤੇ ਗਏ ਸਾਇਬਰ ਸੈੱਲ ਵੱਲੋਂ ਹਫ਼ਤੇ ਦੇ 7 ਦਿਨ ਅਤੇ 24 ਘੰਟੇ ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਬਕਾਇਦਾ ਪੁਲਿਸ ਵੱਲੋਂ ਸਾਈਬਰ ਸੈੱਲ ਦੇ ਕਰਮਚਾਰੀਆਂ ਨੂੰ ਲੈਪਟਾਪ ਦਿੱਤੇ ਗਏ ਹਨ ਤਾਂ ਜੋ ਆਨਲਾਈਨ ਠੱਗੀ ਹੋਣ ਉੱਤੇ ਜੇਕਰ ਕੋਈ ਵਿਅਕਤੀ ਸੰਪਰਕ ਕਰਦਾ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾ ਸਕੇ।