ਬਠਿੰਡਾ:ਮਾਲਵੇ ਦੇ ਦੱਖਣੀ ਖਿੱਤੇ ਦੇ ਨੌਜਵਾਨਾਂ ਵਿੱਚ ਵਿਦੇਸ਼ ਦਾ ਰੁਝਾਨ ਕਾਫੀ ਵੱਧ ਗਿਆ ਹੈ। ਜਿਸ ਕਰਕੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆ ਵਿੱਚ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਵੀਜ਼ੇ 'ਤੇ ਵਿਦੇਸ਼ ਭੇਜਣ ਲਈ ਕੁੱਝ ਵੀ ਕਰਨ ਨੂੰ ਤਿਆਰ ਹਨ। ਕਿਸਾਨ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਵਾਸਤੇ ਭੇਜਣ ਲਈ ਆਪਣੇ ਪਸ਼ੂ ਤੇ ਸੋਨਾ ਵੇਚ ਰਹੇ ਹਨ, ਇਸ ਤੋਂ ਇਲਾਵਾ ਬੈਂਕਾਂ ਕੋਲ ਆਪਣੀਆਂ ਜ਼ਮੀਨਾਂ ਗਹਿਣੇ ਧਰ ਰਹੇ ਹਨ ਤੇ ਆਪਣੇ ਖੇਤੀਬਾੜੀ ਦੇ ਸੰਦ ਵੇਚ ਰਹੇ ਹਨ। ਪਿੰਡ ਮਹਿਮਾ ਸਰਕਾਰੀ ਦੇ ਹਰ ਤੀਜੇ ਘਰ ਵਿਚੋਂ ਇੱਕ ਬੱਚਾ ਵਿਦੇਸ਼ ਵਿੱਚ ਹੈ।
ਸਰਕਾਰੀ ਨੌਕਰੀਆਂ ਵਾਲਾ ਪਿੰਡ ਵਿਦੇਸ਼ਾਂ ਵਾਲਾ ਬਣਿਆ:ਇਸ ਦੌਰਾਨ ਹੀ ਈਟੀਵੀ ਭਾਰਤ ਨਾਲ ਪਿੰਡ ਮਹਿਮਾ ਸਵਾਇ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਮਹਿਮਾ ਸਵਾਇ ਦੀ ਕੁੱਲ ਆਬਾਦੀ 1200 ਹੈ ਅਤੇ ਪਿੰਡ ਵਿੱਚ ਕੁੱਲ 300 ਘਰ ਹਨ। ਜਿਹਨਾਂ ਵਿੱਚ 100 ਦੇ ਕਰੀਬ ਨੌਜਵਾਨ ਵਿਦੇਸ਼ ਜਾ ਚੁੱਕੇ ਹਨ ਅਤੇ ਪਿੰਡ ਵਿੱਚ ਉਨ੍ਹਾਂ ਦੇ ਮਾਪੇ ਇਕੱਲੇ ਰਹਿ ਰਹੇ ਹਨ। ਪਿੰਡ ਮਹਿਮਾ ਸਵਾਇ ਵਾਸੀ ਦੱਸਦੇ ਨੇ ਕਿ ਪਹਿਲਾਂ ਉਨ੍ਹਾਂ ਦਾ ਪਿੰਡ ਸਰਕਾਰੀ ਮੁਲਾਜ਼ਮਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਸੀ, ਕਿਉਂਕਿ ਵੱਡੀ ਗਿਣਤੀ ਲੋਕ ਸਰਕਾਰੀ ਨੌਕਰੀ ਕਰਦੇ ਸਨ। ਪਰ ਹੁਣ ਪਿੰਡ ਦੇ 100 ਦੇ ਕਰੀਬ ਨੌਜਵਾਨ ਪੜ੍ਹਾਈ ਵੀਜ਼ੇ 'ਤੇ ਕੈਨੇਡਾ, ਆਸਟਰੇਲੀਆ, ਯੂਕੇ ਅਤੇ ਸਾਈਪ੍ਰਸ ਜਾ ਚੁੱਕੇ ਹਨ ਤੇ ਕਾਫੀ ਨੌਜਵਾਨ ਵੀਜ਼ਾ ਆਉਣ ਦੀ ਉਡੀਕ ਕਰ ਰਹੇ ਹਨ। ਪਿੰਡ ਦੇ ਬਜ਼ੁਰਗ ਵੀ ਆਪਣੇ ਬੱਚਿਆਂ ਨਾਲ ਵਿਦੇਸ਼ ਜਾ ਰਹੇ ਹਨ।