ਬਠਿੰਡਾ: ਪੰਜਾਬ ਸਰਕਾਰ ਵੱਲੋਂ ਭਾਵੇਂ ਸਮੇਂ-ਸਮੇਂ ਸਿਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬਠਿੰਡਾ ਦੇ ਸਰਕਾਰੀ ਜੱਚਾ-ਬੱਚਾ ਹਸਪਤਾਲ ਨੂੰ ਦਾਨੀ ਸੱਜਣਾਂ ਦੀ ਉਡੀਕ ਹੈ ਕਿਉਂਕਿ ਹਸਪਤਾਲ ਦੇ ਕਿਸੇ ਵਾਰਡ ਵਿੱਚ ਗਰਮੀ ਤੋਂ ਬਚਣ ਮਰੀਜ਼ਾਂ ਲਈ ਕੂਲਰ ਦਾ ਪ੍ਰਬੰਧ ਨਹੀਂ। ਰੋਜ਼ਾਨਾ ਕਰੀਬ 3 ਹਜ਼ਾਰ ਮਰੀਜਾਂ ਨੂੰ ਰਾਹਤ ਦੇਣ ਵਾਲੇ ਹਸਪਤਾਲ ਵਿੱਚ ਵੱਡੀਆਂ ਕਮੀਆਂ ਦੇਖਣ ਨੂੰ ਮਿਲੀਆਂ ਹਨ।
ਦੂਰੋਂ-ਨੇੜਿਓਂ ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਕਹਿਣਾ ਹੈ ਕਿ ਗਰਮੀ ਦਾ ਲਗਾਤਾਰ ਪ੍ਰਕੋਪ ਵੱਧ ਰਿਹਾ ਹੈ ਪਰ ਇਸ ਹਸਪਤਾਲ ਵਿੱਚ ਨਾ ਹੀ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਨਾ ਹੀ ਪੱਖਿਆਂ ਅਤੇ ਨਾ ਹੀ ਕੂਲਰ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਸਨ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਪਰ ਜ਼ਿਲ੍ਹੇ ਦਾ ਇੱਕੋ-ਇੱਕ ਸਰਕਾਰੀ ਜੱਚਾ ਬੱਚਾ ਹਸਪਤਾਲ ਖ਼ੁਦ ਬਿਮਾਰ ਨਜ਼ਰ ਆ ਰਿਹਾ ਹੈ।