ਬਠਿੰਡਾ: ਸਿਹਤ ਮੰਤਰੀ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾ ਦੇ ਹਰ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਆਏ, ਜਦੋਂ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੋਏ ਮਰੀਜ਼ਾਂ ਦੇ ਹਾਲ-ਬੇਹਾਲ ਹੋ ਗਏ। ਕਰੀਬ ਸਵੇਰੇ 8 ਵਜੇ ਤੋਂ ਬਿਜਲੀ ਗੁੱਲ ਰਹੀਂ ਅਤੇ ਮਰੀਜ਼ ਦਰਦ ਦੇ ਨਾਲ-ਨਾਲ ਗ਼ਰਮੀ ਨਾਲ ਤੜਪਦੇ ਵੇਖੇ ਗਏ।
ਬਠਿੰਡਾ ਸਿਵਲ ਹਸਪਤਾਲ ਵਿੱਚ ਸ਼ੁੱਕਰਵਾਰ ਨੂੰ ਬਲੈਕ ਆਊਟ ਵਰਗੀ ਹਾਲਤ ਬਣੀ ਰਹੀ। ਸਿਵਲ ਹਸਪਤਾਲ ਵਿੱਚ 8 ਵਜੇ ਬੱਤੀ ਗੁੱਲ ਰਹੀ ਤੇ ਬਾਅਦ ਦੁਪਹਿਰ ਡੇਢ ਵਜੇ ਤੱਕ ਵੀ ਸੁਚਾਰੂ ਨਹੀਂ ਹੋ ਸਕੀ।
ਬਿਜਲੀ ਨਾ ਹੋਣ ਕਰਕੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਾਫੀ ਪ੍ਰੇਸ਼ਾਨ ਨਜ਼ਰ ਆਏ। ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਬਿਜਲੀ ਦੇ ਲੋੜੀਂਦੇ ਪ੍ਰਬੰਧ ਨਹੀਂ ਹਨ। ਸਟਾਫ਼ ਨੂੰ ਵੀ ਪੁੱਛਣ ਉੱਤੇ ਕੋਈ ਜਵਾਬ ਨਹੀਂ ਮਿਲਦਾ। ਦੱਸ ਦੇਈਏ ਕਿ ਬਠਿੰਡਾ ਸਿਵਲ ਹਸਪਤਾਲ ਪਹਿਲਾਂ ਹਾਟ ਲਾਈਨ ਨਾਲ ਜੁੜਿਆ ਹੋਇਆ ਸੀ, ਪਰ ਧਰਿੰਦਰ ਪਲਾਂਟ ਦੇ ਬੰਦ ਹੋਣ ਤੋਂ ਬਾਅਦ ਹਾਟਲਾਈਨ ਸਰਵਿਸ ਵੀ ਬੰਦ ਹੋ ਗਈ।