ਬਠਿੰਡਾ: ਕੋਰੋਨਾ ਮਹਾਂਮਾਰੀ ਦੌਰਾਨ ਠੇਕਾ ਆਧਾਰ 'ਤੇ ਸੇਵਾਵਾਂ ਉਪਰ ਰੱਖੇ ਗਏ ਪੈਰਾ-ਮੈਡੀਕਲ ਸਟਾਫ਼ ਨੇ ਪੰਜਾਬ ਸਰਕਾਰ ਵੱਲੋਂ ਨੌਕਰੀ ਤੋਂ ਕੱਢੇ ਜਾਣ ਪਿੱਛੋਂ ਲਗਾਤਾਰ ਸੰਘਰਸ਼ ਅਰੰਭਿਆ ਹੋਇਆ ਹੈ। ਸ਼ਹਿਰ ਵਿੱਚ ਡੀਸੀ ਦਫ਼ਤਰ ਅੱਗੇ ਸਟਾਫ਼ ਵੱਲੋਂ ਪਿਛਲੇ ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਸੰਘਰਸ਼ਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਦੁਬਾਰਾ ਨੌਕਰੀ 'ਤੇ ਨਹੀਂ ਰੱਖਦੀ ਅਤੇ ਬਕਾਇਆ ਤਨਖਾਹਾਂ ਛੇਤੀ ਨਹੀਂ ਦਿੰਦੀ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਸੰਘਰਸ਼ਕਾਰੀ ਵੀਰਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਪੰਜਾਬ ਭਰ ਵਿੱਚ 1200 ਸਟਾਫ਼ ਮੈਂਬਰਾਂ ਨੂੰ ਵੱਖ ਵੱਖ ਆਸਾਮੀਆਂ 'ਤੇ ਠੇਕੇ 'ਤੇ ਪੈਰਾ-ਮੈਡੀਕਲ ਸਟਾਫ਼ ਵੱਜੋਂ ਰੱਖਿਆ ਗਿਆ ਸੀ, ਪਰੰਤੂ ਹੁਣ ਫ਼ੰਡ ਦੀ ਕਮੀ ਅਤੇ ਮਰੀਜ਼ ਘੱਟ ਹੋਣ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।