ਬਠਿੰਡਾ : ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਦੀ ਸਿਹਤ ਸਹੂਲਤਾਂ ਦੇਣ ਲਈ ਮੁਫ਼ਤ ਕੋਵਿਡ ਸੈਂਟਰ ਬਣਾਏ ਜਾ ਰਹੇ ਹਨ ਤੇ ਲੋਕਾਂ ਨੂੰ ਮੁਫਤ ਦਵਾਈਆਂ, ਆਕਸੀਜਨ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਚ ਆਕਸੀਜਨ ਕੰਨਸਟ੍ਰੇਟਰ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ।
ਬਠਿੰਡਾ ਰੈੱਡ ਕਰਾਸ ਵੱਲੋਂ ਆਕਸੀਜਨ ਕੰਨਸਟ੍ਰੇਟਰ ਮਸ਼ੀਨ ਦਾ ਪ੍ਰਤੀ ਦਿਨ ਦੋ ਸੌ ਰੁਪਿਆ ਕਿਰਾਇਆ ਰੱਖਿਆ ਗਿਆ ਹੈ ਅਤੇ ਦਸ ਹਜ਼ਾਰ ਰੁਪਿਆ ਸਕਿਉਰਿਟੀ (ਵਾਪਸ ਮੋੜਨ ਯੋਗ ) ਰੱਖੀ ਗਈ ਹੈ। ਮਸ਼ੀਨ ਲੈਣ ਲਈ ਡਾਕਟਰ ਜਾਂ ਹਸਪਤਾਲ ਵੱਲੋਂ ਅੰਡਰਟੇਕਿੰਗ ਲਾਜ਼ਮੀ ਹੋਵੇਗੀ ਕਿ ਮਰੀਜ਼ ਦੇ ਵਾਰਸਾਂ ਨੂੰ ਇਸ ਮਸ਼ੀਨ ਨੂੰ ਅਪਰੇਟ ਕਰਨ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਸਥਾਪਤ ਕੀਤੇ ਗਏ ਇਸ ਕੰਨਸਨਟ੍ਰੇਟਰ ਬੈਂਕ ਵਿਚ ਸਿਰਫ਼ ਉਨ੍ਹਾਂ ਕਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਆਕਸੀਜਨ ਕੰਨਸਨਟ੍ਰੇਟਰ ਮੁਹੱਈਆ ਕਰਵਾਏ ਜਾਣਗੇ ਜੋ ਇਲਾਜ਼ ਉਪਰੰਤ ਡਾਕਟਰ ਦੁਆਰਾ ਜਾਰੀ ਡਿਸਚਾਰਜ ਸਲਿੱਪ ਤੇ ਕੰਨਸਨਟ੍ਰੇਟਰ ਦੀ ਲੋੜ ਸਬੰਧੀ ਤਜ਼ਵੀਜ਼ੀ ਪਰਚੀ ਦੇ ਨਾਲ-ਨਾਲ ਸਵੈ ਘੋਸ਼ਣਾ ਪੱਤਰ ਦੇਣਾ ਲਾਜ਼ਮੀ ਹੋਵੇਗਾ।
ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿਥੇ ਪ੍ਰਾਈਵੇਟ ਹਾਸਪਿਟਲਜ਼ ਵੱਲੋਂ ਲੁੱਟ ਮਚਾਈ ਗਈ ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਆਕਸੀਜਨ ਕੰਨਸਟ੍ਰੇਟਰ ਤੋਂ ਕਮਾਈ ਕੀਤੇ ਜਾਣ ਦਾ ਸਮਾਜ ਸੇਵੀ ਵਰਗ ਵੱਲੋਂ ਵਿਰੋਧ ਕੀਤਾ ਜਾਣ ਲੱਗਿਆ ਹੈ
ਸਹਿਯੋਗ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰ ਵਿਚ ਸਰਕਾਰ ਵੱਲੋਂ ਇਸ ਤਰ੍ਹਾਂ ਲੋਕਾਂ ਦੀ ਲੁੱਟ ਨਹੀਂ ਕੀਤੀ ਜਾਣੀ ਚਾਹੀਦੀ ਬਲਕਿ ਲੋਕਾਂ ਦਾ ਇਲਾਜ ਮੁਫ਼ਤ ਵਿਚ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਬਚ ਸਕਣ।