ਬਠਿੰਡਾ: ਪਰਾਲੀ ਦਾ ਮੁੱਦਾ ਇਸ ਵੇਲੇ ਪੰਜਾਬ ਵਿੱਚ ਭੱਖਿਆ ਹੋਇਆ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਝੋਨੇ ਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਅੱਗ ਲਗਾਈ ਜਾ ਰਹੀ ਹੈ। ਬਠਿੰਡਾ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਰਹਿਨੁਮਾਈ ਹੇਠ ਕਿਸਾਨਾਂ ਨੇ ਅੱਜ 100 ਏਕੜ ਦੇ ਕਰੀਬ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਈ ਸਾਲਾਂ ਤੋਂ ਪੰਜਾਬ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦੇ ਆ ਰਿਹਾ ਹਨ ਪਰ ਸੂਬਾ ਅਤੇ ਕੇਂਦਰ ਸਰਕਾਰ ਨੇ ਅਜੇ ਤੱਕ ਇਸ ਦੇ ਲਈ ਕੋਈ ਹੱਲ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਛੋਟੇ ਕਿਸਾਨਾਂ ਨੂੰ ਪਰਾਲੀ ਵਹਾਉਣ ਦੇ ਲਈ ਸਬਸਿਡੀ ਮੁਹੱਈਆ ਕਰਾਉਣ ਤੇ ਮੁਆਵਜ਼ਾ ਦੇਣ ਦੀ ਗੱਲ ਆਖੀ ਸੀ ਪਰ ਨਾਂ ਤਾਂ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਸੰਦ ਮੁਹੱਈਆ ਕਰਵਾਏ ਹਨ ਤੇ ਨਾ ਹੀ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਹੈ।