ਬਠਿੰਡਾ: ਪੰਜਾਬ ਵਿਚ ਘੱਟ ਗਿਣਤੀ ਸਿੱਖਾਂ ਸਬੰਧੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਦਾ ਸਿੱਖ ਬੁੱਧੀਜੀਵੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਅਜਿਹੀਆਂ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਸਿੱਖ ਸਮੁਦਾਇ ਨੂੰ ਨੀਵਾਂ ਦਿਖਾਇਆ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਪਹਿਲਾਂ ਹਵਾਈ ਸਫ਼ਰ ਦੌਰਾਨ ਸ੍ਰੀ ਸਾਹਿਬ ਲਿਜਾਣ ਦੇ ਮੁੱਦੇ ਉੱਪਰ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਹੁਣ ਪੰਜਾਬ ਵਿੱਚ ਰਹਿ ਰਹੇ ਘੱਟ ਗਿਣਤੀ ਸਿੱਖਾਂ ਸਬੰਧੀ ਜੋ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ ਇਹ ਸਰਾਸਰ ਗ਼ਲਤ ਹੈ ਕਿਉਂਕਿ ਜਾਣਬੁੱਝ ਕੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਸਿੱਖਾਂ ਨੂੰ ਘੱਟ ਗਿਣਤੀ ਦਾ ਹੱਕ ਦੇਸ਼ ਦੇ ਸੰਵਿਧਾਨ ਨੇ ਦਿੱਤਾ ਹੈ। ਜਦੋਂ ਅੰਗਰੇਜ਼ਾਂ ਵੱਲੋਂ ਭਾਰਤ ਛੱਡਿਆ ਗਿਆ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬਕਾਇਦਾ ਇਹ ਐਲਾਨ ਕੀਤਾ ਗਿਆ ਸੀ ਕਿ ਦੇਸ਼ ਦੇ ਇੱਕ ਖਿੱਤੇ ਵਿਚ ਘੱਟ ਗਿਣਤੀ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ ਪਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਿੱਖਾਂ ਦੇ ਹੱਕਾਂ ਉੱਪਰ ਡਾਕਾ ਮਾਰਨ ਲਈ ਅਜਿਹੀਆਂ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚ ਰਹੀ ਹੈ ਅਤੇ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਸਿੱਖਾਂ ਨੂੰ ਤੁਸੀਂ ਘੱਟ ਗਿਣਤੀ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਣ ਅਤੇ ਬਣਦਾ ਰੁਜਗਾਰ ਦਿੱਤਾ ਜਾਵੇ ਪਰ ਕੇਂਦਰ ਸਰਕਾਰ ਇਨ੍ਹਾਂ ਗੱਲਾਂ ਵੱਲ ਧਿਆਨ ਨਾ ਦੇ ਕੇ ਲਗਾਤਾਰ ਸਿੱਖਾਂ ਨੂੰ ਟਾਰਗੇਟ ਕਰ ਰਹੀ ਹੈ ਜੋ ਕਿ ਸਰਾਸਰ ਗਲਤ ਹੈ।
ਸਿੱਖ ਮਰਿਆਦਾ ਅਤੇ ਸੰਸਥਾਵਾਂ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਬਾਬਾ ਪਾਲਾ ਸਿੰਘ ਨੇ ਕਿਹਾ ਕਿ ਜੇਕਰ ਸਿੱਖ ਬਹੁਗਿਣਤੀ ਹੁੰਦੇ ਤਾਂ ਇਨ੍ਹਾਂ ਦਾ ਮੁੜ ਰਾਜ ਕਾਬੁਲ ਕੰਧਾਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹੋਣਾ ਸੀ ਪਰ ਅੱਜ ਮਾਤਰ ਦੋ ਪ੍ਰਤੀਸ਼ਤ ਮੰਨੇ ਜਾਣ ਵਾਲੇ ਸਿੱਖਾਂ ਨੂੰ ਬਹੁਗਿਣਤੀ ਸਾਬਿਤ ਕਰਨ ਲਈ ਅਜਿਹੀਆਂ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਸਿੱਖ ਇਨ੍ਹਾਂ ਨੂੰ ਲਗਾਤਾਰ ਹੀ ਰੜਕਦੇ ਰਹੇ ਹਨ। ਇਨ੍ਹਾਂ ਵੱਲੋਂ ਅਜਿਹਾ ਕੋਈ ਫ਼ੈਸਲਾ ਹਾਲੇ ਤੱਕ ਨਹੀਂ ਲਿਆ ਗਿਆ। ਜਿਸ ਨਾਲ ਸਿੱਖ ਸਮੁਦਾਇ ਕਿਸੇ ਤਰ੍ਹਾਂ ਦੀ ਕੋਈ ਤਰੱਕੀ ਕਰ ਸਕੇ। ਉਨ੍ਹਾਂ ਕਿਹਾ ਕੌਮੀ ਦਾਅ ਪੇਚਾਂ ਹੇਠ ਲਗਾਤਾਰ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਅਜਿਹੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਨਾਲ ਸਿੱਖਾਂ ਨੂੰ ਨੀਵਾਂ ਦਿਖਾਇਆ ਜਾ ਸਕੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀ ਪੈਰਵਾਈ ਕਰ ਰਹੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਭਾਰਤ ਅੰਦਰ ਭਾਵੇਂ ਸਿੱਖਾਂ ਵੱਲੋਂ ਸੰਵਿਧਾਨ ਨੂੰ ਮੰਨਦੇ ਹੋਏ ਕਾਰਜ ਕੀਤੇ ਜਾ ਰਹੇ ਹਨ ਪਰ ਕਦੇ ਵੀ ਭਾਰਤੀ ਸਟੇਟ ਨੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਹਮੇਸ਼ਾ ਦੋਹਰੇ ਮਾਪਦੰਡ ਅਪਣਾਏ ਹੁਣ ਲਗਾਤਾਰ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦਿੱਤਾ ਜਾ ਰਿਹਾ ਹੈ ਅਤੇ ਅਜਿਹੀਆਂ ਪਟੀਸ਼ਨਾਂ ਲਗਾਤਾਰ ਦਾਇਰ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਸਿੱਖਾਂ ਨੂੰ ਨੀਵਾਂ ਦਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਸਿੱਖਾਂ ਸਬੰਧੀ ਦਾਇਰ ਕੀਤੀ ਗਈ ਪਟੀਸ਼ਨ ਦਾ ਸਖ਼ਤ ਵਿਰੋਧ ਕਰਦੇ ਹਨ ਅਤੇ ਅਜਿਹੇ ਮਾਮਲੇ ਉਛਾਲ ਕੇ ਲਗਾਤਾਰ ਸੁਖਿੰਦਰ ਹਿਰਦਿਆਂ ਨੂੰ ਵਲੂੰਧਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਵਿੱਤ ਵਿਭਾਗ ਵੱਲੋਂ ਤਿੰਨ ਉੱਚ ਸਿੱਖਿਆ ਸੰਸਥਾਵਾਂ ਨੂੰ 15 ਕਰੋੜ ਜਾਰੀ ਕਰਨ ਦੀ ਪ੍ਰਵਾਨਗੀ