ਬਠਿੰਡਾ: ਜ਼ਿਲ੍ਹੇ ਦੇ ਡੀਸੀ ਬੀ ਸ੍ਰੀ ਨਿਵਾਸਨ ਨੇ ਪ੍ਰਮੁੱਖ ਅਧਿਕਾਰੀਆਂ ਨਾਲ ਬੈਠਕ ਕਰਕੇ ਕਰਫਿਊ ਅਤੇ ਕੋਰੋਨਾ ਵਾਇਰਸ ਸਬੰਧੀ ਸਾਰੀਆਂ ਸਥਿਤੀਆਂ ਦੀ ਸਮੀਖਿਆ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿੱਚ ਰਾਸ਼ਨ, ਐਲਪੀਜੀ, ਸਬਜ਼ੀਆਂ, ਦੁੱਧ, ਦਵਾਈਆਂ ਦੀ ਘਰੋ-ਘਰੀ ਸਪਲਾਈ ਸ਼ੁਰੂ ਹੋ ਗਈ ਹੈ ਜਦਕਿ ਵੀਰਵਾਰ ਤੋਂ ਜ਼ਿਲ੍ਹੇ ਦੇ ਬਾਕੀ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਪੂਰੀ ਵਿਵਸਥਾ ਕੀਤੀ ਜਾ ਰਹੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਜ਼ਿਲ੍ਹੇ ਵਿੱਚ ਕਰਫਿਊ 'ਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਘਾਟ ਨਾ ਆਵੇ ਪਰ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਘਰ ਤੋਂ ਬਾਹਰ ਨਾ ਨਿਕਲੇ।