ਨਵਜੋਤ ਸਿੱਧੂ, ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਬਠਿੰਡਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਸ਼ਬਦੀ ਹਮਲੇ ਕੀਤੇ। ਨਵਜੋਤ ਸਿੰਘ ਸਿੱਧੂ ਨੇ ਜਿੱਥੇ ਕੇਂਦਰ ਸਰਕਾਰ ਨੂੰ ਪੰਜਾਬ ਅਤੇ ਕਿਸਾਨ ਮਾਰੂ ਸਰਕਾਰ ਕਿਹਾ ਤਾਂ ਉਥੇ ਹੀ ਪੰਜਾਬ ਸਰਕਾਰ ਨੂੰ ਲਾਲਸਾ ਦੀ ਭਰੀ ਸਰਕਾਰ ਕਰਾਰ ਦਿੰਦੇ ਹੋਏ ਟਿੱਪਣੀਆਂ ਕੀਤੀਆਂ। ਦਰਅਸਲ ਬੀਤੇ ਦਿਨੀਂ ਬਠਿੰਡਾ ਵਿਖੇ ਨਵਜੋਤ ਸਿੱਧੂ ਨੇ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਰੈਲੀ ਨੂੰ ਸੰਬੋਧਨ ਕੀਤਾ।
ਕੇਂਦਰ ਸਰਕਾਰ ਉੱਤੇ ਸਾਧੇ ਨਿਸ਼ਾਨੇ :ਨਵਜੋਤ ਸਿੱਧੂ ਨੇ ਇਲਜ਼ਾਮ ਲਾਏ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਵਿਤਕਰਾ ਕੀਤਾ ਹੈ ਡੈਂਮਾਂ ਉੱਤੇ ਲਾਅ ਬਣਾ ਦਿੱਤੇ। ਪਾਣੀ ਸਾਡੇ ਮੁਨਾਫ਼ਾ ਕੇਂਦਰ ਦਾ ਹੋ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਵੱਲੋਂ ਕਦੇ ਵੀ ਪੰਜਾਬ ਨੂੰ ਸਹਿਯੋਗ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪਹਿਲਾਂ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਸੜਕਾਂ ਉੱਤੇ ਰੋਲਿਆ ਫਿਰ ਝੂਠੇ ਦਿਲਾਸੇ ਦੇਕੇ ਕਿਸਾਨਾਂ ਨੂੰ ਤੋਰਿਆ ਤੇ ਉਹਨਾਂ ਨਾਲ ਕੀਤੇ ਵਾਅਦੇ ਅੱਜ ਵੀ ਪੂਰੇ ਨਹੀਂ ਹੋਏ। ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਆਰਥਿਕਤਾ ਪੱਖੋਂ ਮਜ਼ਬੂਤ ਕਰਨਾ ਹੈ ਤਾਂ ਵਪਾਰਾਂ ਲਈ ਬਾਰਡਰ ਖੋਲ੍ਹਣੇ ਪੈਣਗੇ ਤਾਂ ਜੋ ਕਿਸਾਨ ਖੁੱਲੀਆਂ ਮੰਡੀਆਂ ਤਹਿਤ ਆਪਣੀ ਫਸਲ ਵੇਚ ਸਕਣ।
ਕਿਉਂਕਿ ਅੱਜ ਦੇ ਹਾਲਾਤ ਵਿੱਚ ਐਮਐਸਪੀ ਭਾਅ ਮਮੂਲੀ ਵਧਾਏ ਜਾਂਦੇ ਹਨ ਪਰ ਦੂਜੇ ਪਾਸੇ ਫਸਲਾਂ ਦੀ ਪੈਦਾਵਾਰ ਵਾਲੀਆਂ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਭਾਅ 10 ਗੁਣਾ ਵਧਾ ਦਿੱਤੇ ਜਾਂਦੇ ਹਨ। ਜਿਸ ਕਰਕੇ ਕਿਸਾਨਾਂ ਤੇ ਦੋਹਰੀ ਮਾਰ ਪੈ ਰਹੀ ਹੈ। ਪੰਜਾਬੀਆਂ ਨੇ ਦੇਸ਼ ਨੂੰ ਅੰਨ ਖਵਾਉਣ ਤੋਂ ਲੈਕੇ ਆਜ਼ਾਦੀ ਦਵਾਉਣ ਤੱਕ ਕੁਰਬਾਨੀਆਂ ਦਿੱਤੀਆਂ ਹੈ। ਉਸ ਦੇ ਬਦਲੇ ਪੰਜਾਬ ਦੇ ਹਿੱਸੇ ਇਹ ਭੇਤਭਾਵ ਅਤੇ ਵਿਤਕਰਾ ਕਿਓਂ ਆਉਂਦਾ ਹੈ।
ਪੰਜਾਬ ਛੱਡ ਵਿਦੇਸ਼ ਜਾ ਰਹੇ ਨੌਜਵਾਨ:ਇਸ ਮੌਕੇ ਨਵਜੋਤ ਸਿੱਧੁ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇ ਪੰਜਾਬ ਵਿੱਚ ਉਦਯੋਗ ਨੂੰ ਪ੍ਰਫੁਲਤ ਕੀਤਾ ਜਾਵੇ ਨਹੀਂ ਤਾਂ ਨੌਜਵਾਨਾਂ ਨੇਨਿੇ ਇੰਝ ਹੀ ਕਰੋੜਾਂ ਦੀ ਜ਼ਮੀਨ ਵੇਚ ਕੇ ਵਿਦੇਸ਼ਾਂ ਦਾ ਰੁਖ ਕਰਦੇ ਰਹਿਣਾ ਹੈ ਅਤੇ ਪੰਜਾਬ ਪਛੜਦਾ ਜਾਣਾ ਹੈ।
ਮਾਨ ਸਰਕਾਰ ਪੰਜਾਬ ਨੂੰ ਬਣਾ ਰਹੀ ਕਰਜ਼ਾਈ :ਇਸ ਮੌਕੇ ਨਵਜੋਤ ਸਿੱਧੂ ਨੇ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਵੀ ਬਣਦਾ ਕਦਮ ਨਹੀਂ ਚੁੱਕਿਆ ਜਾ ਰਿਹਾ। ਪੰਜਾਬ ਨੂੰ ਹੁਣ ਤੱਕ ਦੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਨੇ ਨਿੱਜੀ ਲਾਲਸਾ ਕਰਕੇ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਕਦੇ ਵੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੌਜਵਾਨਾਂ ਦੀ ਗੱਲ ਨਹੀਂ ਕੀਤੀ। ਪੰਜਾਬ ਸਰਕਰ ਉੱਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਕਰਜ਼ਾ ਲੈ ਲੈ ਕੇ ਪੰਜਾਬ ਨੂੰ ਕਰਜ਼ਾਈ ਬਣਾ ਰਹੀ ਹੈ। ਪਹਿਲਾਂ ਹੀ ਪੰਜਾਬ 'ਤੇ ਇਨਾਂ ਕਰਜ਼ਾ ਹੈ ਹੁਣ ਹੋਰ ਕਰਜ਼ਾ ਲੈਕੇ ਪਲ਼ਾਂਟ ਖਰੀਦ ਲਿਆ ਹੈ ਜੋ ਮਹਿਜ਼ ਚਿੱਟਾ ਹਾਥੀ ਬੱਣ ਕੇ ਰਹਿ ਜਾਵੇਗਾ। ਰੇਤ ਮਾਫੀਆ ਸ਼ਰਾਬ ਮਾਫੀਆ ਤੇ ਟਰਾਂਸਪੋਰਟ ਮਾਫੀਏ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੇ ਵਾਅਦਿਆਂ ਉੱਤੇ ਖਰ੍ਹਾ ਨਾ ਉੱਤਰ ਕੇ ਉਲਟਾ ਇਨ੍ਹਾਂ ਵੱਲੋਂ ਮਾਫੀਆਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ।
ਸਮਝੌਤਿਆਂ ਨਾਲ ਸੱਤਾਧਾਰੀ ਧਿਰ: ਇਸ ਮੌਕੇ ਅਖੀਰ ਵਿੱਚ ਸਿੱਧੂ ਨੇ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਵਾਅਦਿਆਂ ਦਾ ਜਿੱਥੇ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਉੱਥੇ ਹੀ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕੀਤੇ ਗਏ। ਉਨ੍ਹਾਂ ਨੇ ਵਿਸ਼ੇਸ਼ ਤੌਰ ਉਤੇ 80 ਅਤੇ 20 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਮਝੌਤਿਆਂ ਨਾਲ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਚੱਲ ਰਹੀ ਹੈ ਜਿਸ ਨਾਲ ਲੋਕਾਂ ਨੂੰ ਇਨਸਾਫ਼ ਮਿਲਣਾ ਮੁਸ਼ਕਿਲ ਹੈ।