ਵਿਧੀ ਅਤੇ ਉਸ ਦਾ ਪਰਿਵਾਰ ਗੱਲਬਾਤ ਕਰਦਾ ਹੋਇਆ ਬਠਿੰਡਾ: ਕਹਿੰਦੇ ਨੇ ਜੇ ਤੁਹਾਡੇ ਇਰਾਦੇ ਪੱਕੇ ਹਨ ਤਾਂ ਮੰਜ਼ਿਲ ਨੂੰ ਸਰ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਇਸ 'ਚ ਉਮਰ ਭਾਵੇਂ ਫਿਰ ਕਿੰਨੀ ਵੀ ਹੋਵੇ, ਇਹ ਗੱਲ ਮਾਇਨੇ ਨਹੀਂ ਰੱਖਦੀ। ਅਜਿਹੇ ਹੀ ਇਰਾਦਿਆਂ ਨਾਲ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਇਲਾਕੇ 'ਚ ਸਕੂਲੀ ਵਿਦਿਆਰਥਣਾਂ ਵਲੋਂ ਗਣਿਤ ਵਿਸ਼ੇ 'ਚ ਮੱਲਾਂ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਨੂੰ ਅੱਗੇ ਜਾਰੀ ਰੱਖਦਿਆਂ ਸੱਤਵੀ ਕਲਾਸ ਦੀ ਇੱਕ ਹੋਰ ਵਿਦਿਆਰਥਣ ਵਿਧੀ ਨੇ ਇੰਡੀਆ ਬੁੱਕ ਆੱਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਇਆ ਹੈ। ਵਿਦਿਆਰਥਣ ਵਿਧੀ ਨੇ 55 ਸੈਕੰਡ ਵਿੱਚ ਗੁਣਾ ਦੇ 50 ਸਵਾਲ ਹੱਲ ਕਰਕੇ ਇੰਡੀਆ ਬੁੱਕ ਆੱਫ ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਦੀ ਇਹ ਉਪਲਬਧੀ ਹਾਸਲ ਕੀਤੀ ਹੈ।(India Book of Records)
ਤੇਜ਼ੀ ਨਾਲ ਦਿੱਤੇ ਸਵਾਲਾਂ ਦੇ ਜਵਾਬ:ਇਸ ਮੌਕੇ ਸੱਤਵੀਂ ਕਲਾਸ ਦੀ ਵਿਦਿਆਰਥਣ ਵਿਧੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ 55 ਸੈਕੰਡ ਦੇ ਵਿੱਚ ਗੁਣਾ ਦੇ 50 ਸਵਾਲ (2 ਅੰਕਾਂ ਨੂੰ 1 ਅੰਕ ਦੇ ਨਾਲ ਗੁਣਾ) ਕਰਕੇ ਸਭ ਤੋਂ ਤੇਜ ਗਤੀ ਨਾਲ 50 ਸਵਾਲ ਹੱਲ ਕਰਨ ਵਾਲੇ ਬੱਚੇ ਦਾ ਖਿਤਾਬ ਹਾਸਲ ਕੀਤਾ ਹੈ । ਉਸ ਵੱਲੋਂ ਤੇਜ਼ੀ ਨਾਲ ਹੱਲ ਕੀਤੇ ਗਏ ਸਵਾਲਾਂ ਦੇ ਜਵਾਬ ਨੂੰ ਵੇਖਦੇ ਹੋਏ ਇੰਡੀਆ ਬੁੱਕ ਆੱਫ ਰਿਕਾਰਡ ਨੇ ਵਿਧੀ ਦੀ ਇਸ ਪ੍ਰਾਪਤੀ ਨੂੰ ਆਪਣੇ ਰਿਕਾਰਡ ਵਿੱਚ ਦਰਜ ਕੀਤਾ ਗਿਆ।
ਮਾਂ ਬਾਪ ਅਤੇ ਅਧਿਆਪਕਾਂ ਨੂੰ ਦਿੱਤਾ ਸਿਹਰਾ:ਵਿਦਿਆਰਥਣ ਨੇ ਦੱਸਿਆ ਕਿ ਇਸ ਰਿਕਾਰਡ ਦੀ ਪ੍ਰਾਪਤੀ ਨੂੰ ਦੇਖਦਿਆਂ ਉਨ੍ਹਾਂ ਵਲੋਂ ਵਿਧੀ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ । ਇਸ ਦੇ ਨਾਲ ਹੀ ਵਿਧੀ ਨੇ ਦੱਸਿਆ ਕਿ ਇਹ ਪ੍ਰਾਪਤੀ ਅਬੈਕਸ ਸਿੱਖਿਆ ਦੇ ਨਾਲ ਹਾਸਿਲ ਕੀਤੀ ਹੈ। ਉਹ ਰੋਜ਼ਾਨਾ ਦੋ ਘੰਟੇ ਅਬੈਕਸ ਸਿੱਖਿਆ ਰਾਹੀਂ ਗਣਿਤ ਦੀ ਤਿਆਰੀ ਕਰਦੀ ਹੈ। ਇਸ ਸਭ ਪਿੱਛੇ ਉਸਦੇ ਗੁਰੂ ਰਾਜੀਵ ਗੋਇਲ ਅਤੇ ਉਸਦੇ ਮਾਤਾ ਪਿਤਾ ਦਾ ਅਹਿਮ ਹੱਥ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਗਣਿਤ ਵਿਸ਼ੇ ਤੋਂ ਕਾਫ਼ੀ ਡਰ ਲੱਗਦਾ ਸੀ ਪਰ ਜਦੋਂ ਉਸ ਦੇ ਅਧਿਆਪਕ ਵਲੋਂ ਪੜ੍ਹਾਇਆ ਗਿਆ ਤਾਂ ਹੁਣ ਇਹ ਹੀ ਵਿਸ਼ਾ ਉਸ ਦਾ ਮਨਪਸੰਦ ਬਣ ਗਿਆ ਹੈ। ਵਿਧੀ ਨੇ ਦੱਸਿਆ ਕਿ ਉਸਨੂੰ ਗਣਿਤ ਦੇ ਨਾਲ ਨਾਲ ਡਰਾਇੰਗ ਦਾ ਵੀ ਸ਼ੌਂਕ ਹੈ ਤੇ ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ।
ਇੰਡੀਆ ਬੁੱਕ ਆੱਫ ਰਿਕਾਰਡ 'ਚ ਨਾਂ ਦਰਜ ਕਰਵਾਉੇਣ ਵਾਲੀ ਵਿਦਿਆਰਥਣ ਮਾਂ ਬਾਪ ਨੂੰ ਆਪਣੀ ਧੀ 'ਤੇ ਮਾਣ:ਵਿਧੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਬੱਚੀ ਨੇ ਮਹਿਜ ਸੱਤਵੀਂ ਕਲਾਸ ਵਿੱਚ ਪੜ੍ਹਦਿਆਂ ਇਹ ਮੁਕਾਮ ਹਾਸਲ ਕੀਤਾ ਹੈ ਕਿ ਉਸ ਦਾ ਨਾਮ ਇੰਡੀਆ ਬੁੱਕ ਆੱਫ ਰਿਕਾਰਡ ਵਿੱਚ ਦਰਜ ਹੋਇਆ ਹੈ। ਉਨ੍ਹਾਂ ਦੀ ਬੱਚੀ ਨੇ ਉਨ੍ਹਾਂ ਦਾ ਸਿਰ ਸਮਾਜ ਵਿੱਚ ਉੱਚਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਦੇ ਪਿੱਛੇ ਵਿਧੀ ਦੇ ਗੁਰੂ ਰਾਜੀਵ ਗੋਇਲ ਦਾ ਅਹਿਮ ਹੱਥ ਹੈ, ਜਿੰਨਾ ਵੱਲੋਂ ਉਸ ਉੱਪਰ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਗਿਆ ਅਤੇ ਉਸ ਦੇ ਸ਼ਾਰਪ ਮਾਇੰਡ ਦਾ ਟੈਸਟ ਦਬਾਇਆ ਅਤੇ ਇੰਡੀਆ ਬੁੱਕ ਆੱਫ ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਵਿੱਚ ਮਦਦ ਕੀਤੀ।
ਨਿੱਕੀ ਉਮਰੇ ਧੀ ਨੇ ਕੀਤਾ ਵੱਡਾ ਕੰਮ: ਉਨ੍ਹਾਂ ਕਿਹਾ ਕਿ ਵਿਧੀ ਸ਼ੁਰੂ ਤੋਂ ਹੀ ਹੁਸ਼ਿਆਰ ਸੀ ਅਤੇ ਅਬੈਕਸ ਸਿੱਖਿਆ ਰਾਹੀਂ ਗਣਿਤ ਵਿੱਚ ਇਹ ਅਹਿਮ ਪ੍ਰਾਪਤੀ ਹਾਸਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬੱਚੀ ਵੱਲੋਂ ਵੱਡੇ ਹੋ ਕੇ ਡਾਕਟਰ ਬਣਨ ਦਾ ਸੁਫਨਾ ਲਿਆ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਯਤਨ ਲਗਾਤਾਰ ਜਾਰੀ ਹਨ। ਮਾਂ ਬਾਪ ਦਾ ਕਹਿਣਾ ਕਿ ਅੱਜ ਜੋ ਮੁਕਾਮ ਉਨ੍ਹਾਂ ਦੀ ਧੀ ਨੇ ਹਾਸਲ ਕੀਤਾ ਹੈ, ਉਸ ਨਾਲ ਉਨ੍ਹਾਂ ਦਾ ਸਿਰ ਫਕਰ ਨਾਲ ਹੋਰ ਉੱਚਾ ਹੋਇਆ ਹੈ। ਪਰਿਵਾਰ ਦਾ ਕਹਿਣਾ ਕਿ ਵਿਧੀ ਨੂੰ ਦੇਖ ਕੇ ਹੋਰ ਬੱਚੇ ਵੀ ਪ੍ਰੇਰਿਤ ਹੋਣਗੇ ਅਤੇ ਅਜਿਹੀਆਂ ਪ੍ਰਾਪਤੀਆਂ ਕਰ ਸਕਣਗੇ।