MSP ਦੀ ਖੇਡ 'ਚ ਉਲਝੇ ਕਿਸਾਨ, ਕਿਹਾ- ਇਸ ਸਾਲ ਸਰ੍ਹੋਂ ਦੀ ਫ਼ਸਲ ਦਾ ਮਿਲ ਰਿਹੈ ਘੱਟ ਮੁੱਲ ਬਠਿੰਡਾ:ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਨਿੱਤ ਨਵੇਂ ਐਲਾਨ ਕੀਤੇ ਜਾ ਰਹੇ ਹਨ, ਉੱਥੇ ਹੀ ਪੰਜਾਬ ਦੇ ਕਿਸਾਨ ਐਮਐਸਪੀ ਦੀ ਖੇਡ ਵਿੱਚ ਉਲਝੇ ਨਜ਼ਰ ਆ ਰਹੇ ਹਨ। ਸਰਕਾਰ ਵਿੱਚ ਸਿਰਫ ਦੋ ਫਸਲਾਂ ਦੇ ਐਮਐਸਪੀ ਦਿੱਤੀ ਜਾ ਰਹੀ ਹੈ। ਇਨ੍ਹਾਂ ਫ਼ਸਲਾਂ ਤੋਂ ਇਲਾਵਾ ਜੇਕਰ ਕਿਸਾਨਾਂ ਵੱਲੋਂ ਕਿਸੇ ਹੋਰ ਫਸਲ ਦੀ ਪੈਦਾਵਾਰ ਕੀਤੀ ਜਾਂਦੀ ਹੈ, ਤਾਂ ਉਸ ਨੂੰ ਆਪਣੀ ਫਸਲ ਮੰਡੀ ਵਿੱਚ ਪ੍ਰਾਈਵੇਟ ਘਰਾਣੇ ਨੂੰ ਵੇਚਣੀ ਪੈਂਦੀ ਹੈ ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਮਨਮਰਜ਼ੀ ਦੇ ਭਾਅ ਨਾਲ ਫ਼ਸਲਾਂ ਦੀ ਖਰੀਦ ਕੀਤੀ ਜਾਂਦੀ ਹੈ।
ਮੌਸਮ ਦੀ ਮਾਰ, ਸਰ੍ਹੋ ਦੀ ਫ਼ਸਲ ਵੀ ਖਰਾਬ :ਕਣਕ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲਣ ਲਈ ਇਸ ਵਾਰ ਪੰਜਾਬ ਦੇ ਕਿਸਾਨਾਂ ਵੱਲੋਂ ਸਰ੍ਹੋਂ ਦੀ ਪੈਦਾਵਾਰ ਕੀਤੀ ਗਈ ਹੈ। ਪਰ ਇਸ ਵਾਰ ਬੇਮੌਸਮੇ ਮੀਂਹ ਨੇ ਬਹੁਤ ਸਾਰੇ ਕਿਸਾਨਾਂ ਦੀ ਆਸਾਂ ਨੂੰ ਠੰਡਾ ਪਾ ਦਿੱਤਾ ਹੈ। ਕਿਸਾਨਾਂ ਨੂੰ ਬੇਮੌਸਮ ਮੀਂਹ ਦੀ ਮਾਰ ਝੱਲਣੀ ਪਈ ਤੇ ਸਰ੍ਹੋਂ ਦੀ ਫਸਲ ਖ਼ਰਾਬ ਹੋ ਗਈ। ਇੱਕ ਤਾਂ ਫਸਲ ਖਰਾਬ ਹੋਈ ਤੇ ਉਤੋਂ ਸਰ੍ਹੋਂ ਦਾ ਰੇਟ ਵੀ ਇਸ ਸਾਲ ਪਿਛੇਲ ਸਾਲ ਨਾਲੋਂ ਘੱਟ ਮਿਲ ਰਿਹਾ ਹੈ।
ਬਚੀ ਖੁਚੀ ਫਸਲ ਦੀ ਕਿਸਮ ਮਾੜੀ: ਪਿੰਡ ਨਰੂਆਣਾ ਤੋਂ ਸਰ੍ਹੋਂ ਦੀ ਫਸਲ ਲੈ ਕੇ ਬਠਿੰਡਾ ਦੀ ਦਾਣਾ ਮੰਡੀ ਪਹੁੰਚੇ ਕਿਸਾਨ ਠਾਣਾ ਸਿੰਘ ਨੇ ਦੱਸਿਆ ਕਿ ਮੀਂਹ ਤੇ ਗੜ੍ਹੇਮਾਰੀ ਨੇ ਸਰ੍ਹੋਂ ਕਾਫੀ ਹੱਦ ਤੱਕ ਖਰਾਬ ਕਰ ਦਿੱਤੀ ਹੈ, ਜੋ ਬਚੀ ਖੁਚੀ ਫਸਲ ਹੈ ਉਸ ਦੀ ਕਵਾਲਟੀ ਵੀ ਬਹੁਤੀ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੌਸਮ ਦੀ ਮਾਰ ਕਾਰਨ ਉਨ੍ਹਾਂ ਦੀ ਫਸਲ ਦੀ ਪੈਦਾਵਾਰ 50 ਫ਼ੀਸਦੀ ਘੱਟ ਹੋਈ ਹੈ। ਉੱਥੇ ਹੀ ਮੰਡੀ ਵਿੱਚ ਸਰ੍ਹੋਂ ਦੀ ਫਸਲ ਦਾ ਭਾਅ ਪਿਛਲੇ ਸਾਲ ਨਾਲੋਂ ਕਰੀਬ 2 ਹਜ਼ਾਰ ਰੁਪਏ ਘੱਟ ਮਿਲ ਰਿਹਾ ਹੈ।
ਸਰ੍ਹੋਂ ਦੀ ਫਸਲ ਦਾ ਚੰਗਾ ਭਾਅ ਨਹੀਂ ਮਿਲ ਰਿਹਾ: ਕਿਸਾਨ ਠਾਣਾ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸਰ੍ਹੋਂ ਦੀ ਫਸਲ ਦਾ ਭਾਅ 6800 ਰੁਪਏ ਤੱਕ ਪ੍ਰਤੀ ਕੁਇੰਟਲ ਸੀ, ਪਰ ਇਸ ਵਾਰ ਸਰ੍ਹੋਂ ਦੀ ਫਸਲ ਦਾ ਭਾਅ 4500 ਪ੍ਰਤੀ ਕੁਇੰਟਲ ਮਿਲ ਰਿਹਾ ਹੈ। ਜਦਕਿ ਸਰ੍ਹੋਂ ਦੀ ਫਸਲ ਲਈ ਬੀਜ ਉਨ੍ਹਾਂ ਨੂੰ ਹਜ਼ਾਰ ਰੁਪਏ ਤੋਂ ਲੈ ਕੇ 1200 ਰੁਪਏ ਪ੍ਰਤੀ ਕਿੱਲੋ ਖਰੀਦਣਾ ਪਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਡੀਜ਼ਲ ਅਤੇ ਬੀਜਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਉੱਥੇ ਹੀ ਐਮਐਸਪੀ ਨਾ ਹੋਣ ਕਾਰਨ ਕਿਸਾਨਾਂ ਨੂੰ ਸਰ੍ਹੋਂ ਦੀ ਫਸਲ ਦਾ ਭਾਅ ਨਹੀਂ ਮਿਲ ਰਿਹਾ ਹੈ। ਜੇਕਰ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਚਾਹੁੰਦੀ ਹੈ, ਤਾਂ ਉਹ ਵਧੀਆ ਬੀਜ ਕਿਸਾਨਾਂ ਲਈ ਉਪਲੱਬਧ ਕਰਵਾਉਣ ਅਤੇ ਸਾਰੀਆਂ ਫਸਲਾਂ ਉੱਪਰ ਐਮਐਸਪੀ ਤੈਅ ਕਰੇ।
ਹੋਰ ਫ਼ਸਲਾਂ 'ਤੇ MSP ਲਾਗੂ ਕਰਨ ਦੀ ਮੰਗ:ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਜਿੰਨਾ ਸਮਾਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਹੁੰਦੀ, ਉਦੋਂ ਤੱਕ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਖਰੀਦ ਕਰਨ ਵਾਲਾ ਵਪਾਰੀ ਉਹੀ ਫ਼ਸਲ ਕਈ ਗੁਣਾਂ ਮੁੱਲ 'ਤੇ ਅਗੇ ਵੇਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵਾਮੀਨਾਥਨ ਰਿਪੋਰਟ ਵਿੱਚ ਸਾਰੇ ਖ਼ਰਚਿਆਂ ਦੇ ਬਰਾਬਰ 50 ਫ਼ੀਸਦੀ ਮੁਨਾਫੇ ਨਾਲ ਐਮਐਸਪੀ ਦੇਣ ਦੀ ਗੱਲ ਆਖੀ ਗਈ ਹੈ, ਪਰ ਸਰਕਾਰ ਵੱਲੋਂ ਸਵਾਮੀਨਾਥਨ ਰਿਪੋਰਟ ਲਾਗੂ ਨਾ ਕਰਕੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ।
ਦੂਜੇ ਪਾਸੇ, ਜੇਕਰ ਮਾਰਕੀਟ ਕਮੇਟੀ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਸਰ੍ਹੋਂ ਦੀ ਫ਼ਸਲ ਦਾ ਭਾਅ 6000 ਤੋਂ 6800 ਪ੍ਰਤੀ ਕੁਇੰਟਲ ਦੇ ਵਿਚਕਾਰ ਸੀ, ਪਰ ਇਸ ਸਾਲ ਸਰੋਂ ਦੀ ਫਸਲ ਦਾ ਭਾਅ 4400 ਤੋਂ 4800 ਰੁਪਏ ਪ੍ਰਤੀ ਕੁਇੰਟਲ ਹੈ। ਇਸ ਕਾਰਨ ਸਰ੍ਹੋਂ ਦੀ ਫਸਲ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਦੋ ਹਜ਼ਾਰ ਪ੍ਰਤੀ ਕੁਇੰਟਲ ਦਾ ਘਾਟਾ ਝੱਲਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ:ਖੇਤੀ ਮੰਤਰੀ ਧਾਲੀਵਾਲ ਨੇ ਗਿਰਦਾਵਰੀ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ ਹੈਲਪ ਲਾਈਨ ਨੰਬਰ ਕੀਤਾ ਜਾਰੀ