ਬਠਿੰਡਾ: ਗਾਂਧੀ ਜੈਅੰਤੀ ਦੇ ਮੌਕੇ ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਸਵੱਛ ਭਾਰਤ ਮਿਸ਼ਨ ਦੇ ਤਹਿਤ ਪਲਾਸਟਿਕ ਬੈਗ ਮੁਕਤ ਬਣਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਨਿਯਮ ਦੇ ਤਹਿਤ ਜੇਕਰ ਕੋਈ ਪਲਾਸਟਿਕ ਦੇ ਬੈਗ ਵਰਤਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਂਦਾ ਹੈ। ਇਸ ਨਿਯਮ ਦੇ ਚੱਲਦੇ ਬਠਿੰਡਾ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਖੁਦ ਪਲਾਸਟਿਕ ਦੇ ਬੈਗ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਈਟੀਵੀ ਭਾਰਤ ਦੀ ਟੀਮ ਵੱਲੋਂ ਬਠਿੰਡਾ ਮਿਊਂਸੀਪਲ ਕਾਰਪੋਰੇਸ਼ਨ ਵਿੱਚ ਮੁਆਇਨਾ ਕੀਤਾ ਗਿਆ ਜਿੱਥੇ ਕਈ ਕਰਮਚਾਰੀ ਪਲਾਸਟਿਕ ਦੇ ਬੈਗ ਦੀ ਵਰਤੋਂ ਕਰਦੇ ਹੋਏ ਨਜ਼ਰ ਆਏ।
ਇਸ ਸਬੰਧ ਵਿੱਚ ਜਦੋਂ ਅਮਲਾ ਸੁਪਰਡੈਂਟ ਰਾਜਪਾਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਪਲਾਸਟਿਕ ਦੇ ਬੈਗ ਬੰਦ ਹੀ ਨਹੀਂ ਹੋਏ ਹਨ, ਜੇਕਰ ਬੰਦ ਹੋਏ ਹੁੰਦੇ ਤਾਂ ਉਨ੍ਹਾਂ ਕੋਲ ਕਿਵੇਂ ਆ ਗਏ ਅਤੇ ਦੂਜੇ ਪਾਸੇ ਉਹ ਦੁਕਾਨਦਾਰਾਂ ਦੇ ਚਲਾਨ ਕੱਟਣ ਦੀ ਗੱਲ ਦੱਸਦੇ ਹਨ ਕਿ ਜੇਕਰ ਕੋਈ ਪਹਿਲੀ ਵਾਰ ਫੜਿਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਂਦਾ ਹੈ। ਜਦੋਂ ਮਿਊਂਸੀਪਲ ਕਾਰਪੋਰੇਸ਼ਨ ਦੇ ਹੋਰ ਦਫ਼ਤਰਾਂ ਦਾ ਮੁਆਇਨਾ ਕੀਤਾ ਗਿਆ ਤਾਂ ਸੁਪਰਡੈਂਟ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸ ਤਰੀਕੇ ਨਾਲ ਪਲਾਸਟਿਕ ਦੇ ਬੈਗ ਦੀ ਵਰਤੋਂ ਕਰਨ ਵਾਲੇ ਦੇ ਚਲਾਨ ਕੱਟੇ ਜਾਂਦੇ ਹਨ ਪਰ ਸੁਪਰਡੈਂਟ ਸਾਹਿਬ ਖੁਦ ਪਲਾਸਟਿਕ ਦੇ ਬੈਗ ਵਰਤ ਰਹੇ ਸਨ।
ਉੱਥੇ ਹੀ ਦੁਕਾਨਦਾਰਾਂ ਅਤੇ ਸਬਜ਼ੀ ਵੇਚਣ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਲਈ ਮਹਿੰਗੇ ਲਿਫਾਫੇ ਦੀ ਵਰਤੋਂ ਕਰ ਰਹੇ ਹਨ ਜੇਕਰ ਉਹ ਪਲਾਸਟਿਕ ਦੇ ਬੈਗ ਵਰਤਦੇ ਹਨ ਤਾਂ ਉਨ੍ਹਾਂ ਦਾ ਚਲਾਨ ਕੱਟਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਨਗਰ ਨਿਗਮ ਦੇ ਅਧਿਕਾਰੀ ਖੁਦ ਪਲਾਸਟਿਕ ਦੇ ਬੈਗ ਵਰਤਦੇ ਹਨ ਤਾਂ ਉਨ੍ਹਾਂ ਦਾ ਤਾਂ ਜ਼ਿਆਦਾ ਚਲਾਨ ਹੋਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਸਭ ਦੇ ਲਈ ਇੱਕ ਹੈ। ਇਸ ਮਾਮਲੇ ਬਾਰੇ ਰਾਹਗੀਰਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀ ਖੁਦ ਪਲਾਸਟਿਕ ਦੇ ਬੈਗ ਵਰਤਦੇ ਹਨ ਤਾਂ ਪਬਲਿਕ ਦਾ ਵੀ ਪਲਾਸਟਿਕ ਬੈਗ ਵਰਤਣ 'ਤੇ ਚਲਾਨ ਨਹੀਂ ਕੱਟਿਆ ਜਾਣਾ ਚਾਹੀਦਾ ਨਹੀਂ ਤਾਂ ਇਨ੍ਹਾਂ ਨਗਰ ਨਿਗਮ ਵਾਲਿਆਂ 'ਤੇ ਵੀ ਚਲਾਨ ਕੱਟਣ ਦਾ ਨਿਯਮ ਲਾਗੂ ਹੋਣਾ ਚਾਹੀਦਾ ਹੈ।
ਜਦੋਂ ਇਸ ਦੇ ਸਬੰਧ ਵਿੱਚ ਈਟੀਵੀ ਭਾਰਤ ਦੀ ਟੀਮ ਵੱਲੋਂ ਬਠਿੰਡਾ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਲਈ ਬਣਾਏ ਗਏ ਨਿਯਮ ਸਭ 'ਤੇ ਲਾਗੂ ਹੁੰਦੇ ਹਨ ਭਾਵੇਂ ਉਹ ਸਰਕਾਰੀ ਕਰਮਚਾਰੀ ਹੋਵੇ ਭਾਵੇਂ ਉਹ ਦੁਕਾਨਦਾਰ ਹੋਵੇ ਜਾਂ ਖਰੀਦਦਾਰ ਹੋਵੇ ਇਸ ਦੇ ਲਈ ਉਹ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਕਰਮਚਾਰੀਆਂ 'ਤੇ ਅਧਿਕਾਰੀਆਂ ਦੇ ਚਲਾਨ ਵੀ ਕਰਨਗੇ। ਸਵੱਛ ਭਾਰਤ ਮਿਸ਼ਨ ਦੇ ਤਹਿਤ ਕੰਮ ਕਰਨ ਵਾਲੇ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੀਨਾਨਗਰ ਦੁਕਾਨਦਾਰਾਂ ਦੇ ਚਲਾਨ ਕੱਟਣ ਵਾਲੇ ਕਰਮਚਾਰੀ ਜੋ ਖੁਦ ਪਲਾਸਟਿਕ ਬੈਗ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ 'ਤੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਦੇ ਸਬੰਧ ਦੇ ਵਿੱਚ ਉਹ ਸਖ਼ਤ ਨੋਟਿਸ ਵੀ ਜਾਰੀ ਕਰਨਗੇ ।