ਬਠਿੰਡਾ: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਜ਼ਿਲ੍ਹੇ ਤੇ ਸ਼ਹਿਰ ਵਿੱਚ ਚੋਣਾਂ ਦਾ ਪ੍ਰਚਾਰ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਬਠਿੰਡਾ, ਮੋਗਾ, ਜਲੰਧਰ ਅਤੇ ਮਲੇਰਕੋਟਲਾ ਵਿੱਚ ਭਾਜਪਾ ਵਰਕਰਾਂ ਵਲੋਂ ਮੋਟਰ ਸਾਈਕਲ ਰੈਲੀ ਕੱਢੀ ਗਈ। ਇਸ ਦੌਰਾਨ ਵਿੰਗ ਕਮਿੰਡਰ ਅਭਿਨੰਦਨ ਦੀ ਭਾਰਤ ਪਰਤਣ 'ਤੇ ਵੀ ਖ਼ੁਸ਼ੀ ਜ਼ਾਹਿਰ ਕੀਤੀ।
ਇਸ ਸਬੰਧੀ ਬਠਿੰਡਾ 'ਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੇ ਦੱਸਿਆ ਕਿ ਪੂਰੇ ਹਿੰਦੁਸਤਾਨ ਵਿੱਚ ਪਾਕਿਸਤਾਨ ਤੋਂ ਪਰਤੇ ਵਿੰਡ ਕਮਾਂਡਰ ਅਭਿਨੰਦਨ ਦੀ ਖ਼ੁਸ਼ੀ ਵਜੋਂ ਭਾਰਤੀ ਜਨਤਾ ਪਾਰਟੀ ਦੇ ਯੁਵਾ ਵਰਕਰਾਂ ਵੱਲੋਂ ਬਾਈਕ ਰੈਲੀ ਕੱਢੀ ਜਾ ਰਹੀ ਹੈ। ਨਾਲ ਹੀ ਚੋਣਾਂ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸ਼ਲਾਘਾਯੋਗ ਕਦਮ ਲਈ ਪ੍ਰਸ਼ੰਸਾ ਕਰਦੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅੱਜ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ ਤੇ ਅਸੀਂ ਦੇਸ਼ ਦੀ ਜਨਤਾ ਨੂੰ ਮੁੜ ਭਾਜਪਾ ਦੀ ਸਰਕਾਰ ਬਣਾਉਣ ਦੀ ਅਪੀਲ ਕਰਦੇ ਹਾਂ।ਇਸ ਤੋਂ ਇਲਾਵਾ ਜਲੰਧਰ ਵਿੱਚ ਭਾਜਪਾ ਆਗੂ ਰਾਕੇਸ਼ ਰਾਠੌਰ ਅਤੇ ਰਮਨ ਪੱਬੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀ.ਆਰ.ਪੀ.ਐਫ ਦੇ 44 ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਤੇ ਜਿਸ ਢੰਗ ਨਾਲ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਸ ਲਿਆਇਆ ਗਿਆ, ਇਸ ਕਰਕੇ ਪੂਰਾ ਦੇਸ਼ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਮੁੜ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਮਲੇਰਕੋਟਲਾ ਵਿੱਚ ਵੀ ਮੋਟਰ ਸਾਈਕਲ ਰੈਲੀ ਨੂੰ ਲੈ ਕੇ ਨੌਜਵਾਨਾਂ 'ਚ ਕਾਫ਼ੀ ਉਤਸ਼ਾਹ ਵੇਖਿਆ ਗਿਆ।