ਬਠਿੰਡਾ ਵਿੱਚ ਹਮਲਾਵਰਾਂ ਨੇ ਮਾਂ-ਧੀ ਉਤੇ ਕੀਤਾ ਹਮਲਾ ਬਠਿੰਡਾ :ਜ਼ਿਲ੍ਹੇ ਦੇ ਪਿੰਡ ਸੇਖੂ ਦੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੇਰ ਰਾਤ ਘਰ ਵਿੱਚ ਇਕੱਲੀ ਮਾਵਾਂ ਧੀਆਂ ਉਤੇ ਕੁਝ ਅਣਪਛਾਤੇ ਦਰਜਨ ਦੇ ਕਰੀਬ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਰਾਤ ਸੂਚਨਾ ਮਿਲੀ ਸੀ ਕਿ ਸੇਖੂ ਪਿੰਡ ਦੇ ਵਿੱਚ ਮਾਵਾਂ ਧੀਆਂ ਉਤੇ ਹਮਲਾ ਹੋਇਆ ਹੈ, ਜਦੋਂ ਮੌਕੇ ਉਤੇ ਪਹੁੰਚੇ ਤਾਂ ਵੇਖਿਆ ਕਿ ਪਿੰਡ ਵਾਸੀ ਇਕੱਠੇ ਹੋਏ ਸਨ ਅਤੇ ਚਾਰੇ ਪਾਸੇ ਲਹੂ ਡੁੱਲਿਆ ਹੋਇਆ ਸੀ।
ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ 12 ਦੇ ਕਰੀਬ ਹਮਲਾਵਰਾਂ ਵੱਲੋਂ ਮਾਵਾਂ ਧੀਆਂ ਉਤੇ ਹਮਲਾ ਕੀਤਾ ਗਿਆ ਹੈ, ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਵੱਲੋਂ ਕੁਝ ਨਸ਼ੇੜੀਆਂ ਨੂੰ ਨਸ਼ਾ ਕਰਨ ਤੇ ਵੇਚਣ ਤੋਂ ਵਰਜਿਆ ਗਿਆ ਸੀ, ਸ਼ਾਇਦ ਉਨ੍ਹਾਂ ਨੇ ਕਿੜ ਕੱਢਣ ਲਈ ਇਹ ਹਮਲਾ ਕੀਤਾ ਹੋਵੇਗਾ। ਫਿਲਹਾਲ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ।
ਧੀ ਦੀ ਹਾਲਤ ਸਥਿਰ, ਮਾਂ ਗੰਭੀਰ, ਏਮਜ਼ ਰੈਫਰ :ਮਾਮਲੇ ਦੀ ਪੁਸ਼ਟੀ ਕਰਦਿਆਂ ਐਮਰਜੈਂਸੀ ਮੈਡੀਕਲ ਅਫਸਰ ਦੱਸਿਆ ਕਿ ਪਿੰਡ ਸੇਖੂ ਤੋਂ ਇਹ ਮਾਮਲਾ ਵਾਪਰਿਆ ਹੈ, ਜਿਨ੍ਹਾਂ ਦੀ ਸ਼ਨਾਖਤ ਰਜਿੰਦਰ ਕੌਰ ਅਤੇ ਉਸ ਦੀ ਇਕ ਧੀ ਹੈ। ਦੋਹਾਂ ਉੱਪਰ ਹਥਿਆਰਾਂ ਨਾਲ ਹਮਲਾ ਹੋਇਆ, ਜਿਸ ਵਿੱਚ ਰਜਿੰਦਰ ਕੌਰ ਦੀ ਹਾਲਤ ਗੰਭੀਰ ਹੈ ਜਿਸ ਕਰਕੇ ਉਸ ਨੂੰ ਏਮਜ਼ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਦੋਂ ਕਿ ਧੀ ਦੀ ਹਾਲਤ ਸਥਿਰ ਹੈ
ਹਮਲੇ ਦੌਰਾਨ ਘਰ ਵਿੱਚ ਇਕੱਲੀਆਂ ਸਨ ਦੋਵੇਂ :ਇਲਾਕਾ ਵਾਸੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਰਜਿੰਦਰ ਕੌਰ ਦਾ ਪਤੀ ਉਸ ਨੂੰ ਛੱਡ ਚੁੱਕਾ ਹੈ ਅਤੇ ਉਹ ਘਰ ਵਿੱਚ ਆਪਣੀ ਧੀ ਨਾਲ ਰਹਿੰਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਘਟਣਾ ਤੋਂ ਪਹਿਲਾਂ ਮਾਵਾਂ ਧੀਆਂ ਵੱਲੋਂ ਨਸ਼ਾ ਕਰਨ ਵਾਲਿਆਂ ਨੂੰ ਰੋਕਿਆ ਗਿਆ ਸੀ। ਹਾਲੇ ਪੁਲਿਸ ਤਫਤੀਸ਼ ਕਰ ਰਹੀ ਹੈ ਕੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀ ਇਹ ਉਹ ਨਸ਼ੇੜੀ ਤਾਂ ਨਹੀਂ। ਫਿਲਹਾਲ ਰਜਿੰਦਰ ਕੌਰ ਦੀ ਹਾਲਤ ਗੰਭੀਰ ਦੇਖਦੇ ਬਠਿੰਡਾ ਦੇ ਸਰਕਾਰੀ ਹਸਪਤਾਲ ਤੋਂ ਏਮਜ਼ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ, ਜਦਕਿ ਧੀ ਦੀ ਹਾਲਤ ਸਥਿਰ ਬਣੀ ਹੋਈ ਹੈ।