ਮਾਲਵੇ 'ਚ ਸੈਂਕੜੇ ਦੁਧਾਰੂ ਪਸ਼ੂਆਂ ਦੀ ਹੋਈ ਮੌਤ ਬਠਿੰਡਾ:ਪੰਜਾਬ ਦੇ ਮਾਲਵਾ ਖਿੱਤੇ ਵਿੱਚ ਪਸ਼ੂ ਧਨ ਤੇ ਅਣਪਛਾਤੇ ਵਾਇਰਸ ਦੇ ਹਮਲੇ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਸ਼ੂਆਂ ਦੀਆਂ ਹੋ ਰਹੀਆਂ ਲਗਾਤਾਰ ਮੌਤਾਂ ਨੂੰ ਵੇਖਦੇ ਹੋਏ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਅਣਪਛਾਤੇ ਵਾਇਰਸ ਦਾ ਪਤਾ ਲਗਾਉਣ ਲਈ ਚੰਡੀਗੜ੍ਹ ਅਤੇ ਜਲੰਧਰ ਤੋਂ ਟੀਮਾਂ ਮਾਲਵੇ ਖੇਤਰ ਵਿੱਚ ਭੇਜੀਆਂ ਗਈਆਂ ਹਨ, ਤਾਂ ਜੋ ਪਸ਼ੂਆਂ ਦੇ ਹੋਰ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।
ਬਿਮਾਰ ਪਸ਼ੂਆਂ ਨੂੰ ਲੈ ਕੇ ਹੁਣ ਪਸ਼ੂ ਬਠਿੰਡਾ ਦੇ ਪਿੰਡ ਸੂਚ ਅਤੇ ਰਾਏਕੇਵਾਲਾ ਵਿੱਚ 150 ਦੇ ਕਰੀਬ ਪਸ਼ੂ ਧਨ ਦੀ ਮੌਤ ਹੋ ਗਈ ਹੈ। ਪਸ਼ੂ ਧਨ ਦੀਆਂ ਇਹ ਮੌਤਾਂ ਇੱਕ ਹਫ਼ਤੇ ਦੇ ਅੰਦਰ ਹੋਈਆਂ ਹਨ। ਇਨ੍ਹਾਂ ਪਸ਼ੂਆਂ ਦੀ ਮੌਤ ਦਾ ਕਾਰਨ ਇਨਫੈਕਸ਼ਨ ਦੱਸਿਆ ਜਾ ਰਿਹਾ ਹੈ। ਪਸ਼ੂ ਧਨ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਬਿਮਾਰ ਪਸ਼ੂਆਂ ਦੇ ਟੀਕੇ ਲਗਾਏ ਜਾ ਰਹੇ ਹਨ।
ਮਾਲਵੇ 'ਚ ਸੈਂਕੜੇ ਦੁਧਾਰੂ ਪਸ਼ੂਆਂ ਦੀ ਹੋਈ ਮੌਤ ਪਸ਼ੂਆਂ ਦਾ ਟੀਕਾਕਰਨ ਨਾ ਕਰਨ ਦੇ ਇਲਜ਼ਾਮ:ਪਿੰਡ ਸੂਚ ਅਤੇ ਰਾਏ ਕੇ ਕਲਾਂ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 150 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਿਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਚਾਨਕ ਪਸ਼ੂਆਂ ਦੇ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ ਹੈ ਤੇ ਉਹ ਗਸ਼ ਖਾ ਕੇ ਡਿੱਗ ਜਾਂਦੇ ਹਨ। ਫਿਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਵਾਸੀਆਂ ਨੇ ਇਲਜ਼ਾਮ ਲਾਏ ਕਿ ਕਰੀਬ 2 ਤੋਂ 3 ਮਹੀਨੇ ਪਹਿਲਾਂ ਪਸ਼ੂਆਂ ਦਾ ਡਾਕਟਰਾਂ ਵੱਲੋਂ ਸਮੇਂ ਸਿਰ ਟੀਕਾਕਰਨ ਵੀ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਪਿੰਡ ਦੇ ਹਸਪਤਾਲ ਦੇ ਅੰਦਰ ਡਾਕਟਰ ਉਪਲਬਧ ਹਨ। ਅਜਿਹੇ ਵਿੱਚ ਲੋਕ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਕਿੱਥੇ ਜਾਣ?
ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਹੁਣ ਇਹ ਬਿਮਾਰੀ ਵਧਣ ਤੋਂ ਬਾਅਦ ਪਿੰਡਾਂ ਵਿੱਚ ਡਾਕਟਰ ਨਜ਼ਰ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਤੜਫ-ਤੜਫ ਕੇ ਮਰ ਰਹੇ ਪਸ਼ੂ, ਪਾਲਕਾਂ ਤੋਂ ਨਹੀਂ ਵੇਖੇ ਜਾ ਰਹੇ। ਪਸ਼ੂ ਪਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਪਰ ਪਸ਼ੂ ਪਾਲਣ ਵਿਭਾਗ ਵੱਲੋਂ ਹਾਲੇ ਤੱਕ ਇਸ ਬਿਮਾਰੀ ਦੀ ਪਛਾਣ ਨਹੀਂ ਕੀਤੀ ਜਾ ਸਕੀ ਜਿਸ ਕਾਰਨ ਲਗਾਤਾਰ ਪਸ਼ੂਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ।
ਮਾਲਵੇ 'ਚ ਸੈਂਕੜੇ ਦੁਧਾਰੂ ਪਸ਼ੂਆਂ ਦੀ ਹੋਈ ਮੌਤ ਜਾਂਚ ਲਈ ਸੈਂਪਲ ਲੈਬ 'ਚ ਭੇਜੇ : ਇਸ ਮਾਮਲੇ 'ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਟੀਮ ਦੋਵਾਂ ਪਿੰਡਾਂ 'ਚ ਜਾਂਚ ਕਰ ਰਹੀ ਹੈ ਜਿਸ ਦੇ ਸੈਂਪਲ ਲੈ ਕੇ ਲੈਬ 'ਚ ਭੇਜ ਦਿੱਤੇ ਗਏ ਹਨ। ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਪ੍ਰਭਾਵਿਤ ਪਸ਼ੂਆਂ ਨੂੰ ਵੱਖ-ਵੱਖ ਰੱਖਣ ਦੀ ਲੋੜ ਹੈ। ਦੂਜੇ ਪਾਸੇ, ਡਾਕਟਰ ਅਨੁਸਾਰ ਹੁਣ ਤੱਕ 25 ਤੋਂ 30 ਮਰੇ ਹੋਏ ਪਸ਼ੂਆਂ ਦੀ ਗਿਣਤੀ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕੀ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਤੋਂ ਡਾਕਟਰਾਂ ਦੀ ਟੀਮ ਨੇ ਸੈਂਪਲ ਵੀ ਲਏ ਹਨ। ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗ ਸਕੇਗਾ।