ਬਸਤੀ ਰਹਿਣ ਵਾਲੀ ਮਨੀਸ਼ਾ ਨੇ ਬਾਰ੍ਹਵੀ ਚੋਂ ਪ੍ਰਾਪਤ ਕੀਤੇ 84 ਫੀਸਦੀ ਅੰਕ, ਵੇਖੋ ਬਸਤੀ ਦੇ ਹਾਲਾਤ
ਬਠਿੰਡਾ: ਅਕਸਰ ਕਿਹਾ ਜਾਂਦਾ ਹੈ ਕਿ ਹੌਸਲਾ ਜੇਕਰ ਹੋਵੇ, ਤਾਂ ਔਕੜਾਂ ਦੇ ਬਹਾਨੇ ਪਿੱਛੇ ਰਹਿ ਜਾਂਦੇ ਹਨ ਅਤੇ ਹੌਂਸਲਾ ਤੁਹਾਨੂੰ ਉਸ ਮੁਕਾਮ ਉੱਤੇ ਲੈ ਜਾਂਦਾ ਹੈ ਜਿਸ ਦੀ ਸਮਾਜ ਸ਼ਾਇਦ ਤੁਲਨਾ ਵੀ ਨਹੀਂ ਕਰ ਸਕਦਾ। ਇਸ ਦੀ ਇਕ ਉਦਾਰਨ ਬਠਿੰਡਾ ਦੇ ਸਲਮ ਬਸਤੀ ਵਿੱਚ ਰਹਿਣ ਵਾਲੀ ਧੀ ਮਨੀਸ਼ਾ ਰਾਣੀ ਬਣੀ ਹੈ ਜਿਸ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚੋਂ 84% ਅੰਕ ਹਾਸਲ ਕੀਤੇ ਹਨ।
ਪਿਤਾ ਚੁੱਗਦਾ ਕਬਾੜ, ਮਾਂ ਸਫਾਈ ਦਾ ਕੰਮ ਕਰਦੀ:ਮਨੀਸ਼ਾ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚੇ ਦਾ ਕੰਮ ਕਰਨ ਲਈ ਵੀ ਜਾਂਦੀ ਹੈ ਅਤੇ ਪਿਓ ਗਲੀਆਂ ਵਿਚੋਂ ਕਬਾੜ ਖ਼ਰੀਦ ਕੇ ਵੇਚਦਾ ਹੈ, ਉਸ ਨਾਲ ਵੀ ਪੂਰੀ ਮਦਦ ਕਰਦੀ ਹੈ। ਸਲੱਮ ਬਸਤੀ ਵਿਚ ਰਹਿਣ ਵਾਲੀ ਮਨੀਸ਼ਾ ਦੇ ਪੂਰੇ ਇਲਾਕੇ ਵਿੱਚ ਕੋਈ ਧੀ 5-8 ਵੀਂ ਜਮਾਤ ਤੋਂ ਅੱਗੇ ਨਹੀਂ ਪੜ੍ਹੀ। ਇੱਥੋ ਤੱਕ ਉਸ ਦੇ ਹੀ ਹੋਰ 3 ਤਿੰਨ ਭਰਾ-ਭੈਣ ਪੜ੍ਹਾਈ ਨਹੀਂ ਕਰ ਰਹੇ। ਹੁਣ ਮਨੀਸ਼ਾ ਰਾਣੀ ਹੀ ਆਪਣੇ ਘਰ ਤੇ ਬਸਤੀ ਦੀ ਇਕਲੌਤੀ ਧੀ ਹੈ ਜਿਸ ਨੇ ਬਾਰ੍ਹਵੀਂ ਜਮਾਤ ਵਿੱਚ ਚੰਗੇ ਅੰਕ ਹਾਸਿਲ ਕਰਕੇ ਬਸਤੀ ਦੀ ਹੋਰ ਕੁੜੀਆਂ ਲਈ ਪ੍ਰੇਰਨਾ ਬਣੀ ਹੈ।
ਧੀ ਉੱਤੇ ਮਾਣ, ਪਿਤਾ ਹੋਏ ਭਾਵੁਕ ਹੁਣ ਤੋਂ ਹੀ ਕਰ ਰਹੀ UPSC ਦੀ ਤਿਆਰੀ, ਅੱਪੂ ਸੈਂਟਰ ਦਾ ਸਹਿਯੋਗ:ਮਨੀਸ਼ਾ ਨੇ ਦੱਸਿਆ ਕਿ ਅਪੂ ਸੈਂਟਰ ਸੁਸਾਇਟੀ ਦੇ ਸਦਕਾ ਉਹ ਅੱਗੇ ਪੜ੍ਹਾਈ ਜਾਰੀ ਰੱਖ ਸਕੀ ਹੈ। ਇੱਥੋ ਹੀ ਮਨੀਸ਼ਾ ਰਾਣੀ ਨੂੰ ਪੜਾਈ ਦੀ ਅਹਿਮੀਅਤ ਅਤੇ ਪ੍ਰੇਰਣਾ ਮਿਲੀ ਹੈ ਅਤੇ ਹੁਣ ਮਨੀਸ਼ਾ ਰਾਣੀ ਬੀ ਕੌਮ ਵਿੱਚ ਦਾਖਲਾ ਲੈਣਾ ਚਾਹੁੰਦੀ ਹੈ। ਇੰਨਾਂ ਹੀ ਨਹੀਂ, ਮਨੀਸ਼ਾ ਰਾਣੀ ਹੁਣ ਤੋਂ ਹੀਂ UPSC ਦੀ ਤਿਆਰੀ ਵੀ ਕਰ ਰਹੀ ਹੈ ਅਤੇ ਮਨੀਸ਼ਾ ਦੇ ਪਿਤਾ ਦਾ ਸੁਪਨਾ ਹੈ ਕੀ ਉਹ ਪੜ੍ਹ ਲਿਖ ਕੇ ਇਕ ਵੱਡੀ ਅਫ਼ਸਰ ਬਣੇ।
ਇਸ ਖੁਸ਼ੀ ਮੌਕੇ, ਪੱਤਰਕਾਰ ਨਾ ਗੱਲਬਾਤ ਕਰਦੇ ਹੋਏ ਮਨੀਸ਼ਾ ਰਾਣੀ ਦੇ ਪਿਉ ਦੇ ਅੱਖਾਂ ਵਿੱਚ ਭਾਵੁਕ ਹੋ ਕੇ ਹੰਝੂ ਆ ਗਏ। ਹੋਵੇ ਵੀ ਕਿਉਂ ਨਾ ! ਆਖਰ ਧੀ ਦਾ ਪਿਓ ਹੈ ਜਿਸ ਨੇ ਆਖਿਆ ਕਿ ਮੈਂ ਕਬਾੜ ਵੇਚ ਕੇ ਗੁਜ਼ਾਰਾ ਕਰਦਾ ਹੈ। ਉਸ ਨੇ ਦੱਸਿਆ ਕਿ ਮੇਰੀ ਇੱਕ ਲੱਤ ਵਿਚ ਬਾਂਝ ਹੈ, ਪਰ ਮਨੀਸ਼ਾ ਮੇਰੇ ਨਾਲ ਹਮੇਸ਼ਾ ਮੇਰੇ ਕੰਮ ਵਿੱਚ ਵੀ ਹੱਥ ਵੰਡਾਉਣ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਮੈਨੂੰ ਆਉਂਦਿਆਂ ਵੇਖਦੀ ਹੈ, ਤਾਂ ਦੂਰੋਂ ਮੇਰੀ ਰੇਹੜੀ ਨੂੰ ਧੱਕਾ ਲਗਾ ਕੇ ਮੇਰਾ ਕਬਾੜ ਥੱਲੇ ਉਤਾਰਦੀ ਹੈ। ਮੈਨੂੰ ਮੇਰੀ ਧੀ ਉੱਤੇ ਮਾਣ ਹੈ ਕਿ ਮੇਰੀ ਧੀ ਦੇ ਕਰਕੇ ਮੇਰਾ ਅਤੇ ਪੂਰੀ ਬਸਤੀ ਦਾ ਨਾਂ ਰੌਸ਼ਨ ਹੋਇਆ ਹੈ। ਪਿਤਾ ਨੇ ਕਿਹਾ ਕਿ- "ਮੈਂ ਚਾਹੁੰਦਾ ਹਾਂ ਕਿ ਮਨੀਸ਼ਾ ਪੜ੍ਹ ਲਿਖਕੇ ਵੱਡੀ ਅਫ਼ਸਰ ਬਣੇ ਅਤੇ ਉਸ ਲਈ ਭਾਵੇਂ ਮੈਨੂੰ ਇਕ ਸਮੇਂ ਦੀ ਰੋਟੀ ਵੀ ਕਿਉਂ ਨਾ ਛੱਡਣੀ ਪਵੇ।"
ਹੁਣ ਤੋਂ ਹੀ ਕਰ ਰਹੀ UPSC ਦੀ ਤਿਆਰੀ ਹੋਰਨਾਂ ਬੱਚਿਆਂ ਦਾ ਭੱਵਿਖ ਵੀ ਸਵਾਰ ਰਹੀ: ਮਨੀਸ਼ਾ ਰਾਣੀ ਨੇ ਦੱਸਿਆ ਕਿ ਉਹ ਆਪਣੀ ਬਸਤੀ ਵਿੱਚ ਇਕਲੋਤੀ ਬਾਰ੍ਹਵੀਂ ਜਮਾਤ ਪਾਸ ਹੈ। ਇੰਨਾ ਹੀ ਨਹੀਂ, ਮਨੀਸ਼ਾ ਰਾਣੀ ਆਪਣੀ ਬਸਤੀ ਵਿਚ ਇੱਕ ਅਧਿਆਪਕਾ ਵੀ ਬਣ ਗਈ ਹੈ, ਜੋ ਬਸਤੀ ਦੇ ਦੂਜੇ ਬੱਚਿਆਂ ਨੂੰ ਵੀ ਸਕੂਲ ਜਾਣ ਲਈ ਅਕਸਰ ਪ੍ਰੇਰਿਤ ਕਰ ਰਹੀ ਹੈ। ਮਨੀਸ਼ਾ ਰਾਣੀ ਬਠਿੰਡਾ ਦੇ ਰੋਜ਼ ਗਾਰਡਨ ਦੇ ਨਜ਼ਦੀਕ ਫਲਾਈ ਓਵਰ ਪੁਲ ਦੇ ਨੀਚੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਦਾ ਕੰਮ ਵੀ ਕਰ ਰਹੀ ਹੈ। ਇਹ ਉਪਰਾਲਾ ਵੀ ਅੱਪੂ ਸੁਸਾਇਟੀ ਦਾ ਹੈ ਜਿਸ ਨਾਲ ਉਹ ਸੜਕ ਉੱਤੇ ਭੀਖ ਮੰਗਣ ਵਾਲੇ ਗਰੀਬ ਬੱਚਿਆਂ ਨੂੰ ਪੜਾ ਰਹੀ ਹੈ। ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਆਉਣ-ਜਾਣ ਵਾਸਤੇ ਅੱਪੂ ਸੁਸਾਇਟੀ ਵੱਲੋਂ ਇਕ ਸਾਈਕਲ ਮਨੀਸ਼ਾ ਰਾਣੀ ਨੂੰ ਗਿਫਟ ਕੀਤੀ ਗਈ ਹੈ।
ਅੱਪੂ ਸੁਸਾਇਟੀ ਦਾ ਖਾਸ ਯੋਗਦਾਨ:ਅੱਪੂ ਸੁਸਾਇਟੀ ਦੇ ਸੰਚਾਲਕ ਕੇਵਲ ਕ੍ਰਿਸ਼ਨ ਦੱਸਦੇ ਹਨ ਕਿ ਉਨ੍ਹਾਂ ਦੀ ਸੋਚ ਹੈ ਕਿ ਇਨ੍ਹਾਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾਵੇ। ਜੋ ਬੱਚੇ ਸੜਕਾਂ ਉੱਤੇ ਭੀਖ ਮੰਗਦੇ ਹਨ, ਉਨ੍ਹਾਂ ਦੇ ਹੱਥਾਂ ਵਿੱਚ ਪੈਨਸਲ ਫੜਾਈ ਜਾਵੇ, ਤਾਂ ਜੋ ਇਹ ਵੀ ਪੜ੍ਹ-ਲਿਖ ਕੇ ਚੰਗੇ ਮੁਕਾਮ ਉੱਤੇ ਪਹੁੰਚਣ। ਕੇਵਲ ਕ੍ਰਿਸ਼ਨ ਦੱਸਦੇ ਹਨ ਕਿ ਮੇਰਾ ਸੁਪਨਾ ਹੈ ਕਿ ਮਨੀਸ਼ਾ ਰਾਣੀ ਪੜ੍ਹ-ਲਿਖ ਕੇ ਚੰਗੇ ਅੰਕ ਹਾਸਲ ਕਰਕੇ ਇਨ੍ਹਾਂ ਬੱਚਿਆਂ ਨੂੰ ਵੀ ਅੱਗੇ ਲੈ ਕੇ ਜਾਵੇਗੀ, ਜੋ ਪੜ੍ਹਨ ਲਿਖਣ ਦਲਈ ਗਰੀਬੀ ਕਾਰਨ ਪਿੱਛੇ ਰਹਿ ਜਾਂਦੇ ਹਨ। ਕੇਵਲ ਕ੍ਰਿਸ਼ਨ ਹੁਣ ਮਨੀਸ਼ਾ ਦੇ ਲਈ ਯੂਪੀਐਸਸੀ ਦੀ ਤਿਆਰੀ ਵਿੱਚ ਜੁਟ ਗਏ ਹਨ ਅਤੇ ਮਨੀਸ਼ਾ ਦੀ ਪੜ੍ਹਾਈ ਦਾ ਜੋ ਵੀ ਖ਼ਰਚਾ ਆਏਗਾ ਉਹ ਖੁਦ ਕਰਨਗੇ ਤਾਂ ਜੋ ਉਨ੍ਹਾਂ ਦਾ ਅਗਲਾ ਸੁਪਨਾ ਵੀ ਮਨੀਸ਼ਾ ਪੂਰਾ ਹੋ ਸਕੇ।