ਚੰਡੀਗੜ੍ਹ : ਪੰਜਾਬ ਵਿਜੀਲੈਂਸ ਨੇ ਬਠਿੰਡਾ ਰਿਸ਼ਵਤ ਕਾਂਡ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇਕ ਵਿਅਕਤੀ ਨੂੰ ਵਿਜੀਲੈਂਸ ਨੇ 4 ਲੱਖ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਆਪਣੇ ਆਪ ਨੂੰ ਵਿਧਾਇਕ ਅਮਿਤ ਰਤਨ ਦੀ ਕਰੀਬੀ ਦੱਸਦਾ ਸੀ, ਪਰ ਉਸ ਸਮੇਂ ਵਿਧਾਇਕ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਗਿਆ ਸੀ। ਹਾਲਾਂਕਿ ਇਸ ਸਬੰਧੀ ਸ਼ਿਕਾਇਤ ਕਰਤਾ ਵੱਲੋਂ ਵਿਜੀਲੈਂਸ ਨੂੰ ਐੱਫਆਈਆਰ ਦਰਜ ਕਰਵਾ ਕੇ ਇਕ ਆਡੀਓ ਕਲਿਪ ਦਿੱਤੀ ਗਈ ਸੀ, ਜਿਸ ਵਿਚ ਰਿਸ਼ਮ ਗਰਗ ਵੱਲੋਂ ਕਿਹਾ ਜਾ ਰਿਹਾ ਹੈ ਕਿ 4 ਲੱਖ ਰੁਪਏ ਵਿਧਾਇਕ ਕੋਲ ਪਹੁੰਚਾਉਣਾ ਹੈ ਤੇ ਪਹਿਲੀ ਕਿਸ਼ਤ ਉਸ ਸਮੇਂ ਰਿਸ਼ਮ ਗਰਗ ਵੱਲੋਂ ਪਿੰਡ ਖੁੱਡਾ ਦੀ ਮਹਿਲਾ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਕੋਲੋਂ ਵਸੂਲੀ ਗਈ ਸੀ।
ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਿਜੀਲੈਂਸ ਦਫ਼ਤਰ ਲਿਆਂਦਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੈਕੱਤਰੇਤ ਦੇ ਸਮੂਹ ਗੇਟਾਂ ਉਤੇ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਵਿਧਾਇਕ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਵੱਲੋਂ ਅੱਜ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਵਿਧਾਇਕ ਅਮਿਤ ਰਤਨ ਦੇ ਪਿਤਾ ਬਾਬੂ ਸਿੰਘ ਵਿਜੀਲੈਂਸ ਬਠਿੰਡਾ ਪਹੁੰਚੇ।
ਵਿਜੀਲੈਂਸ ਨੇ ਇਕ ਆਡੀਓ ਦੀ ਫੋਰੈਂਸਿਕ ਜਾਂਚ ਕਰਵਾ ਕੇ ਉਤੇ ਕਾਰਵਾਈ ਕਰਦਿਆਂ ਅਮਿਤ ਰਤਨ ਨੂੰ ਰਾਜਪੁਰਾ ਤੋਂ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਵੱਲੋਂ ਵਿਧਾਇਕ ਨੂੰ ਬਠਿੰਡਾ ਦਫਤਰ ਵਿਖੇ ਲਿਜਾਇਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਅਦਾਲਤ ਅੱਗੇ ਪੇਸ਼ ਕਰੇ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਫਿਲਹਾਲ ਫੋਰੈਂਸਿਕ ਅਧਿਕਾਰੀਆਂ ਅਨੁਸਾਰ ਹੁਣ ਵਿਜੀਲੈਂਸ ਵੱਲੋਂ ਰਿਸ਼ਮ ਗਰਗ ਤੇ ਅਮਿਤ ਰਤਨ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਰਿਸ਼ਵਤਖੋਰੀ ਭਾਵੇ ਕਿਸੇ, ਕਿਸੇ ਵੀ ਤਰੀਕੇ ਕੀਤੀ ਹੋਵੇ, ਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।