ਬਠਿੰਡਾ: ਦੇਸ਼ ਭਰ ਵਿੱਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਠਿੰਡਾ ਦੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਵੀ ਸ਼ਰਧਾਲੂਆਂ ਦਾ ਸਵੇਰ ਤੋਂ ਹੀ ਇਕੱਠ ਠਾਠਾਂ ਮਾਰ ਕੇ ਪੁੱਜ ਰਿਹਾ ਹੈ। ਬਠਿੰਡਾ ਦੇ ਇਤਿਹਾਸਕ ਸ਼ਿਵ ਮੰਦਿਰ ਦੇ ਪ੍ਰਬੰਧਕ ਦਵਿੰਦਰ ਗਰੋਵਰ ਨੇ ਦੱਸਿਆ ਕਿ ਸ਼ਿਵ ਮੰਦਿਰ ਪੁਰਾਤਨ ਸਮੇਂ ਤੋਂ ਹੀ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਂਦਾ ਆ ਰਿਹਾ ਹੈ।
ਸ਼ੁੱਕਰਵਾਰ ਸਵੇਰੇ ਤਿੰਨ ਵਜੇ ਤੋਂ ਹੀ ਸ਼ਰਧਾਲੂਆਂ ਦੀਆਂ ਕਤਾਰਾਂ ਨਤਮਸਤਕ ਹੋਣ ਲਈ ਲੱਗ ਗਈਆਂ ਸਨ ਤੇ ਹੁਣ ਤੱਕ ਸ਼ਰਧਾਲੂ ਇਸ ਮੰਦਿਰ ਵਿੱਚ ਆਪਣੀਆਂ ਮਨੋਕਾਮਨਾਵਾਂ ਨੂੰ ਲੈ ਕੇ ਪਹੁੰਚ ਰਹੇ ਹਨ।
ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਕਿਉਂਕਿ ਅੱਜ ਦੇ ਦਿਨ ਸ਼ਿਵ ਜੀ ਅਤੇ ਪਾਰਵਤੀ ਜੀ ਦਾ ਵਿਆਹ ਹੋਇਆ ਸੀ। ਇਸ ਨੂੰ ਅੱਜ ਦੇ ਦਿਨ ਪੂਰੀਆਂ ਰਸਮਾਂ ਰਿਵਾਜ਼ਾਂ ਨਾਲ ਮਨਾਇਆ ਜਾਂਦਾ ਹੈ। ਸ਼ਿਵ ਜੀ ਦੀ ਬਰਾਤ ਪ੍ਰਾਚੀਨ ਸ਼ਿਵ ਮੰਦਿਰ ਤੋਂ ਰਵਾਨਾ ਹੋਵੇਗੀ, ਜੋ ਕਿ ਨਾਚ ਗਾਣੇ ਅਤੇ ਪੂਰੀ ਰਸਮਾਂ ਰਿਵਾਜਾਂ ਨਾਲ ਹਾਥੀ ਵਾਲਾ ਮੰਦਿਰ ਤੱਕ ਪਹੁੰਚੇਗੀ।
ਇਸ ਤੋਂ ਬਾਅਦ ਸ਼ਿਵਜੀ ਅਤੇ ਪਾਰਵਤੀ ਜੀ ਦਾ ਵਿਆਹ ਕਾਰਜ ਕੀਤਾ ਜਾਵੇਗਾ। ਸ਼ਰਧਾਲੂ ਮੀਨਾਕਸ਼ੀ ਜਿੰਦਲ ਨੇ ਦੱਸਿਆ ਕਿ ਉਹ ਕਾਫ਼ੀ ਲੰਮੇਂ ਸਮੇਂ ਤੋਂ ਆਪਣੀਆਂ ਭਾਵਨਾਵਾਂ ਅਤੇ ਸ਼ਰਧਾ ਨਾਲ ਇਸ ਮੰਦਿਰ ਵਿੱਚ ਆਉਂਦੇ ਹਨ ਕਿਉਂਕਿ ਅੱਜ ਦੇ ਦਿਨ ਸ਼ਿਵਰਾਤਰੀ ਤੇ ਜੋ ਆਪਣੀ ਮਨੋਕਾਮਨਾਵਾਂ ਲੈ ਕੇ ਇਸ ਮੰਦਿਰ ਵਿੱਚ ਆਉਂਦਾ ਹੈ, ਉਸ ਦੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਕਰਕੇ ਅੱਜ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ।