ਬਠਿੰਡਾ:ਮਾਪੇ ਆਪਣੇ ਬੱਚਿਆਂ ਨੂੰ ਕਦੇ ਵੀ ਤੱਤੀ ਵਾਹ ਨਹੀਂ ਲੱਗਣ ਦਿੰਦੇ, ਹਰ ਸਮੇਂ ਬੱਚਿਆਂ ਦੀ ਸਲਾਮਤੀ ਲਈ ਦੁਆਵਾਂ ਕਰਦੇ ਹਨ, ਪਰ ਇਸ ਕਲਯੁੱਗ ਦੇ ਦੌਰ 'ਚ ਉਹ ਸਭ ਕੁੱਝ ਹੋ ਰਿਹਾ ਜਿਸ ਦੀ ਸ਼ਾਇਦ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਆਖਰ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਇਸੇ ਲਈ ਤਾਂ ਕਲਯੁੱਗ ਦੇ ਪਾਪੀਆਂ ਨੂੰ ਅਦਲਾਤ ਵੱਲੋਂ ਸਜ਼ਾ ਸੁਣਾਈ ਗਈ ਹੈ। ਦਰਅਸਲ ਪਿੰਡ ਕੋਟਭਾਰਾ ਦੇ ਵਿੱਚ 8 ਮਾਰਚ 2017 ਨੂੰ ਇੱਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਵਾਪਰੀ ਸੀ ਜਿਸ ਵਿੱਚ 2 ਭੈਣ ਭਰਾਵਾਂ ਦੀ ਤਾਂਤਰਿਕ ਦੇ ਆਖੇ ਜਾਣ ਉੱਤੇ ਪਰਿਵਾਰਕ ਮੈਂਬਰਾਂ ਨੇ ਹੀ ਬਲੀ ਦੇ ਦਿੱਤੀ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੱਚਿਆਂ ਦੇ ਮਾਤਾ-ਪਿਤਾ ਵੀ ਇਸ ਕਾਂਡ ਵਿੱਚ ਸ਼ਾਮਿਲ ਸਨ। ਇੱਕੋ ਪਰਿਵਾਰ ਦੇ 7 ਮੈਂਬਰਾਂ ਵੱਲੋਂ ਬਹੁਤ ਹੀ ਬੇਰਹਿਮੀ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਕਿਵੇਂ ਦਿੱਤੀ ਸੀ ਬਲੀ:ਮਾਸੂਮ ਬੱਚਿਆਂ ਦੀ ਬਲੀ ਦੇਣ ਵਾਲੇ ਇੰਨੇ ਪੱਥਰ ਦਿਲ ਸਨ ਕਿ ਬਲੀ ਦੇਣ ਤੋਂ ਪਹਿਲਾਂ ਬੱਚਿਆਂ ਨੂੰ ਕੱਚ ਖੁਆਇਆ ਗਿਆ ਤਾਂ ਜੋ ਜਦੋਂ ਉਹ ਰੋਣ ਤਾਂ ਆਵਾਜ਼ ਨਾ ਨਿਕਲ ਸਕੇ, ਫਿਰ ਦੋਵੇਂ ਬੱਚਿਆਂ ਦੀ ਗਲਾ ਘੋਟਕੇ ਹਮੇਸ਼ਾ ਹੀ ਲਈ ਆਪਣੇ ਹੀ ਜਿਗਰ ਦੇ ਟੋਟਿਆਂ ਨੂੰ ਆਪਣੇ ਤੋਂ ਦੂਰ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਹਰ ਕੋਈ ਇਹ ਸਵਾਲ ਕਰ ਰਿਹਾ ਸੀ ਕਿ ਕੀ ਮਾਪੇ ਇੰਨੇ ਖੁਦਗਰਜ਼ ਅਤੇ ਪੱਥਰ ਦਿਲ ਹੋ ਸਕਦੇ ਹਨ ਜੋ ਆਪਣੇ ਹੀ ਬੱਚਿਆਂ ਦੀ ਕਿਸੇ ਤਾਂਤਰਿਕ ਦੇ ਆਖੇ ਜਾਣ 'ਤੇ ਬਲੀ ਦੇਣ ਲਈ ਤਿਆਰ ਹੋ ਜਾਣ। ਅਕਸਰ ਕਿਹਾ ਜਾਂਦਾ ਹੈ ਕਿ ਮਾਪੇ ਕੁਮਾਪੇ ਨਹੀਂ ਹੁੰਦੇ ਪਰ ਇਸ ਘਟਨਾ ਨੇ ਤਾਂ ਇਸ ਕਹਾਵਤ ਨੂੰ ਹੀ ਬਦਲ ਕੇ ਰੱਖ ਦਿੱਤਾ।