ਬਠਿੰਡਾ: ਸੂਬੇ ਵਿੱਚ 14 ਫ਼ਰਵਰੀ ਨੂੰ ਕਾਰਪੋਰੇਸ਼ਨ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹਨ। ਇਨ੍ਹਾਂ ਚੋਣਾਂ ਦੀਆਂ ਗਤੀਵਿਧੀਆਂ ਸੂਬੇ ਵਿੱਚ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਬਠਿੰਡਾ ਦੇ ਭੁੱਚੋ ਮੰਡੀ ਹਲਕੇ ਵਿੱਚ ਪੈਂਦੇ ਪਿੰਡ ਲਹਿਰਾ ਮੁਹੱਬਤ ਵਾਸੀਆਂ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਹੈ ਤੇ ਉਨ੍ਹਾਂ ਨੇ ਇਸ ਸਬੰਧ ਵਿੱਚ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ।
ਗ੍ਰਾਮ ਪੰਚਾਇਤ ਤੋੜ ਕੇ ਨਗਰ ਪੰਚਾਇਤ ਬਣਾਉਣਾ
ਨਗਰ ਪੰਚਾਇਤ ਚੋਣਾਂ ਦਾ ਲਹਿਰਾ ਮੁਹੱਬਤ ਵਾਸੀਆਂ ਨੇ ਕੀਤਾ ਬਾਈਕਾਟ ਲਹਿਰਾ ਮੁਹੱਬਤ ਪਿੰਡ ਦੇ ਵਾਸੀ ਜਗਦੀਪ ਸਿੰਘ ਨੇ ਦੱਸਿਆ ਕਿ ਲਹਿਰਾ ਮੁਹੱਬਤ ਪਿੰਡ ਦੀਆਂ ਕਰੀਬ 70 ਹਜ਼ਾਰ ਵੋਟਾਂ ਹਨ, ਜਿਨ੍ਹਾਂ ਨੇ ਸਹਿਮਤੀ ਜਤਾਈ ਹੈ ਕਿ ਸਿਆਸੀ ਪਾਰਟੀਆਂ ਲਹਿਰਾ ਮੁਹੱਬਤ ਪਿੰਡ ਦੀ ਗ੍ਰਾਮ ਪੰਚਾਇਤ ਤੋੜ ਕੇ ਨਗਰ ਪੰਚਾਇਤ ਬਣਾਉਣਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਨਗਰ ਪੰਚਾਇਤ ਨਾਲ ਉਨ੍ਹਾਂ ਦੇ ਪਿੰਡ ਦਾ ਵਿਕਾਸ ਹੋਵੇਗਾ। ਜੋ ਕਿ ਝੂਠ ਹੈ। ਸਿਆਸੀ ਪਾਰਟੀਆਂ ਝੂਠ ਦਾ ਪੁਲੰਦਾ ਪੇਸ਼ ਕਰਕੇ ਸਰਕਾਰ ਤੋਂ ਪਿੰਡ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਇਸ ਦੇ ਵਿਰੋਧ ਵਜੋਂ ਪਿੰਡ ਵਾਸੀਆਂ ਨੇ ਇੱਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਹੈ ਤੇ 14 ਫਰਵਰੀ ਨੂੰ ਨਗਰ ਪੰਚਾਇਤ ਦੀਆਂ ਚੋਣਾਂ ਦਾ ਬਾਈਕਾਟ ਕੀਤਾ ਹੈ।
ਨਗਰ ਪੰਚਾਇਤ ਦੀਆਂ ਚੋਣਾਂ ਦਾ ਬਾਈਕਾਟ
ਲਹਿਰਾ ਮੁਹੱਬਤ ਦੇ ਪਿੰਡ ਵਾਸੀ ਗੁਰਮੇਲ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਸ ਨੂੰ ਲੈ ਕੇ ਉਹ ਸਰਕਾਰ ਤੱਕ ਉਨ੍ਹਾਂ ਦੀ ਗੱਲ ਰੱਖਣਗੇ। ਗੁਰਮੇਲ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜੇਕਰ ਲਹਿਰਾ ਮੁਹੱਬਤ ਪਿੰਡ ਵਿੱਚ ਨਗਰ ਪੰਚਾਇਤ ਤੋੜ ਕੇ ਗ੍ਰਾਮ ਪੰਚਾਇਤ ਨਹੀਂ ਬਣਾਇਆ ਗਿਆ।