ਬਠਿੰਡਾ: ਜ਼ਿਲ੍ਹੇ ਦੇ ਮਿਲਟਰੀ ਸਟੇਸ਼ਨ ਵਿੱਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਅੰਦਰ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ। ਫੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ। 4 ਜਵਾਨਾਂ ਦੀ ਮੌਤ ਤੋਂ ਇਲਾਵਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਫੌਜ ਮੁਖੀ ਜਨਰਲ ਮਨੋਜ ਪਾਂਡੇ ਇਸ ਮਾਮਲੇ 'ਚ ਬ੍ਰੀਫਿੰਗ ਦੇਣਗੇ। ਜਾਣੋਂ, ਹੁਣ ਤੱਕ ਦੀਆਂ ਵੱਡੀਆਂ ਅਪਡੇਟਸ ਬਾਰੇ...
ਮੀਡੀਆ ਰਿਪੋਰਟ ਮੁਤਾਬਕ, ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ਕਿਹਾ ਕਿ ਇਹ ਘਟਨਾ ਕੋਈ ਅੱਤਵਾਦੀ ਹਮਲਾ ਨਹੀਂ ਸੀ। ਇਹ ਜਵਾਨਾਂ ਵਿਚਾਲੇ ਆਪਸੀ ਝੜਪ ਦੌਰਾਨ ਹੋਈ ਗੋਲੀਬਾਰੀ ਦਾ ਮਾਮਲਾ ਹੈ।
- ਬਠਿੰਡਾ ਕੈਂਟ ਤੋਂ ਐਸਐਚਓ ਗੁਰਦੀਪ ਸਿੰਘ ਨੇ ਕਿਹਾ ਕਿ ਫੌਜ ਤੋਂ ਰਾਈਫਲ ਗੁੰਮ ਹੋਣ ਦੀ ਸ਼ਿਕਾਇਤ ਉਨ੍ਹਾਂ ਨੂੰ ਕੱਲ੍ਹ ਹੀ ਮਿਲੀ ਸੀ। ਅੱਜ ਫਾਇਰਿੰਗ ਹੋਣ ਦਾ ਮਾਮਲਾ ਵੀ ਦਰਜ ਕੀਤਾ ਜਾਵੇਗਾ।
- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪੂਰੇ ਮਾਮਲੇ ਉੱਤੇ ਆਪਣੀ ਨਜ਼ਰ ਬਣਾਏ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- ਫੌਜ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰਾਂਗੇ। ਇਸ ਵਿੱਚ 2 ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਵਿੱਚੋਂ ਗੁੰਮ ਹੋਈ ਇਨਸਾਸ ਰਾਈਫਲ ਅਤੇ ਗੋਲੀਆਂ ਦਾ ਐਂਗਲ ਵੀ ਸ਼ਾਮਲ ਹੈ। ਪੁਲਿਸ ਅਤੇ ਫੌਜ ਨੂੰ ਸ਼ੱਕ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਇਸ ਰਾਈਫਲ ਦੀ ਵਰਤੋਂ ਹੋਈ ਹੋ ਸਕਦੀ ਹੈ।
- ਗੋਲੀਬਾਰੀ ਤੋਂ ਬਾਅਦ ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਛਾਉਣੀ ਅੰਦਰ ਮੌਜੂਦ ਸਕੂਲ ਵੀ ਬੰਦ ਕਰ ਦਿੱਤੇ ਗਏ।
- ਮੀਡੀਆ ਰਿਪੋਰਟ ਮੁਤਾਬਕ, ਫੌਜ ਨੇ ਇਸ ਦੀ ਜਾਣਕਾਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਦਿੱਤੀ ਹੈ। ਪੰਜਾਬ ਸਰਕਾਰ ਨੇ ਬਠਿੰਡਾ ਪੁਲਿਸ ਤੋਂ ਵੀ ਰਿਪੋਰਟ ਮੰਗੀ ਹੈ।