ਪ੍ਰੋਫੈਸਰ ਜਸਵਿੰਦਰ ਸਿੰਘ ਨਾਲ ਖਾਸ ਗੱਲਬਾਤ ਬਠਿੰਡਾ:ਬਠਿੰਡਾ ਦੇ ਡੀ.ਏ.ਵੀ ਕਾਲਜ ਵਿੱਚ ਚੱਲ ਰਹੇ, ਸਾਇੰਸ ਮੇਲੇ ਵਿੱਚ ਇੰਨੀ ਦਿਨੀਂ ਇੱਕ ਕਾਰ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇੱਕ ਪ੍ਰੋਫੈਸਰ ਨੇ ਕਾਰ ਨੂੰ ਹੀ ਪ੍ਰਯੋਗਸ਼ਾਲਾ ਬਣਾ ਦਿੱਤਾ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਕਲਿਆਣ ਵਿਖੇ ਤੈਨਾਤ ਪ੍ਰੋਫੈਸਰ ਜਸਵਿੰਦਰ ਸਿੰਘ ਵੱਲੋਂ ਇਹ ਪ੍ਰਯੋਗਸ਼ਾਲਾਕਾਰ ਤਿਆਰ ਕੀਤੀ ਗਈ ਹੈ, ਜਿਸ ਵਿੱਚ 150 ਦੇ ਕਰੀਬ ਕੰਮ ਕਰਦੇ ਮਾਡਲ ਰੱਖੇ ਗਏ ਹਨ। ਜਿਨ੍ਹਾਂ ਦਾ ਪ੍ਰੈਕਟੀਕਲ ਕਰਕੇ ਡਾਕਟਰ ਜਸਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਾਇੰਸ ਤੇ ਮੈਥਮੈਟਿਕਸ ਦੀ ਜਾਣਕਾਰੀ ਉਪਲਬਧ ਕਰਾਈ ਜਾ ਰਹੀ ਹੈ।
ਸਾਇੰਸ ਤੇ ਮੈਥਮੈਟਿਕਸ ਬੱਚਿਆਂ ਲਈ ਹਊਆ:ਪ੍ਰੋਫੈਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਇੰਸ ਤੇ ਮੈਥਮੈਟਿਕਸ ਬੱਚਿਆਂ ਲਈ ਹਊਆ ਬਣਿਆ ਹੋਇਆ ਹੈ, ਜਦੋਂ ਕਿ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਕਿਤਾਬਾਂ ਦੇ ਨਾਲ-ਨਾਲ ਪ੍ਰੈਕਟੀਕਲ ਉੱਤੇ ਜ਼ੋਰ ਦੇਣ, ਕਿਉਂਕਿ ਜੇਕਰ ਵਿਅਕਤੀ ਨੂੰ ਪ੍ਰੈਕਟੀਕਲ ਆਉਂਦਾ ਹੋਵੇਗਾ ਤਾਂ ਉਸ ਨੂੰ ਲਿਖਣਾ ਵੀ ਸੌਖਾ ਹੋਵੇਗਾ।
ਪ੍ਰੈਕਟੀਕਲ ਕਰਾਉਣਾ ਅਧਿਆਪਕਾਂ ਦਾ ਫਰਜ਼:ਪ੍ਰੋਫੈਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਵਿਸ਼ਕਾਰਾ ਨੂੰ ਵਿਗਿਆਨੀਆਂ ਵੱਲੋਂ ਕਿਤਾਬਾਂ ਵਿੱਚ ਲਿਖਿਆ ਗਿਆ ਹੈ, ਜਿਸ ਨੂੰ ਪ੍ਰੈਕਟੀਕਲ ਕਰਾਉਣਾ ਅਧਿਆਪਕਾਂ ਦਾ ਫਰਜ਼ ਹੈ। ਜੇਕਰ ਅਧਿਆਪਕ ਸੌਖੇ ਤਰੀਕੇ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕਰਵਾਉਂਦਾ ਹੈ ਤਾਂ ਉਹਨਾਂ ਲਈ ਮੈਥਮੈਟਿਕਸ ਅਤੇ ਸਾਇੰਸ ਕੋਈ ਵੱਡਾ ਹਊਆ ਨਹੀਂ ਰਹਿ ਜਾਂਦਾ। ਕਿਉਂਕਿ ਸਾਇੰਸ ਬਿਨ੍ਹਾਂ ਮੈਥਮੈਟਿਕਸ ਤੋਂ ਸਮਝੀ ਨਹੀਂ ਜਾ ਸਕਦੀ, ਮੈਥਮੈਟਿਕਸ ਦੇ ਫਾਰਮੂਲੇ ਜੋੜ ਘਟਾਓ ਗੁਣਾ ਭਾਗ ਸਾਇੰਸ ਵਿੱਚ ਹੀ ਲਾਗੂ ਹੁੰਦੇ ਹਨ, ਸਿਰਫ ਫਾਰਮੂਲਾ ਸਮਝਣ ਦੀ ਲੋੜ ਹੈ, ਕਿੱਥੇ ਕਿਹੜੇ ਫਾਰਮੂਲਾ ਕੰਮ ਕਰੇਗਾ।
ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੈਕਟੀਕਲ ਕਰਵਾਉਣ ਦੀ ਲੋੜ:ਪ੍ਰੋਫੈਸਰ ਨੇ ਦੱਸਿਆ ਬੱਚਿਆਂ ਨੂੰ ਸਾਇੰਸ ਬਾਰੇ ਦੱਸਣ ਦੀ ਬਜਾਏ ਸਮਝਾਉਣ ਦੀ ਲੋੜ ਹੈ। ਜਿਸ ਤਰ੍ਹਾਂ ਅਕਸਰ ਹੀ ਬੱਚਿਆਂ ਵੱਲੋਂ ਸਵਾਲ ਕੀਤੇ ਜਾਂਦੇ ਹਨ ਕਿ ਹੱਥਾਂ ਦੀਆਂ ਉਂਗਲਾਂ ਵੱਡੀਆਂ ਛੋਟੀਆਂ ਹੋ ਸਕਦੀਆਂ ਹਨ, ਜੇਕਰ ਪ੍ਰੈਕਟੀਕਲ ਤੌਰ ਉੱਤੇ ਦੇਖਿਆ ਜਾਵੇ ਕੋਈ ਵੀ ਛੋਟੀ ਉਂਗਲ ਦੇ ਨਾਲ ਵੱਡੀ ਉਂਗਲ ਖੜੀ ਕਰ ਦਿਓਗੇ ਤਾਂ ਉਹ ਆਪਣੇ ਆਪ ਹੀ ਛੋਟੀ ਜਾਵੇਗੀ। ਇਸੇ ਤਰ੍ਹਾਂ ਉਸ ਉਂਗਲ ਦੇ ਨਾਲ ਛੋਟੀ ਉਂਗਲ ਖੜੀ ਕਰ ਦਿਓਗੇ ਤਾਂ ਉਹ ਆਪਣੇ ਆਪ ਹੀ ਵੱਡੀ ਹੋ ਜਾਵੇਗੀ। ਸੋ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੈਕਟੀਕਲ ਕਰਵਾਉਣ ਦੀ ਲੋੜ ਹੈ ਤਾਂ ਜੋ ਸਾਇੰਸ ਤੇ ਮੈਥਮੈਟਿਕਸ ਰਾਹੀਂ ਬੱਚੇ ਆਪਣਾ ਭਵਿੱਖ ਉੱਜਵਲ ਕਰ ਸਕਣ।
ਪ੍ਰੋਫੈਸਰ ਜਸਵਿੰਦਰ ਸਿੰਘ ਦਾ ਬਿਆਨ
ਮਾਪਿਆਂ ਨੂੰ ਅਧਿਆਪਕਾਂ ਦੀ ਇੱਜ਼ਤ ਕਰਨੀ ਚਾਹੀਦੀ:ਪ੍ਰੋਫੈਸਰ ਜਸਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਦੀ ਇੱਜ਼ਤ ਕਰਨ ਤਾਂ ਹੀ ਅਧਿਆਪਕ ਬੱਚਿਆਂ ਨੂੰ ਚੰਗੀ ਸੇਧ ਦੇ ਸਕਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਮੈਥਮੈਟਿਕਸ ਤੇ ਸਾਇੰਸ ਨੂੰ ਲੈ ਕੇ ਬੱਚਿਆਂ ਦੇ ਦਿਮਾਗ ਵਿੱਚ ਚੱਲ ਰਹੀਆਂ ਗੱਲਾਂ ਨੂੰ ਪ੍ਰੈਕਟੀਕਲ ਕਰਵਾਉਣ ਦੀ ਕੋਸ਼ਿਸ਼ ਕਰਨ।
ਸਰਕਾਰ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨ:ਪ੍ਰੋਫੈਸਰ ਜਸਵਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਵੱਲੋਂ ਜੋ ਕਾਰ ਵਿੱਚ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ 2014 ਵਿੱਚ ਕੀਤਾ ਗਿਆ ਸੀ। ਇਸੇ ਤਰ੍ਹਾਂ 2022 ਵਿੱਚ ਵਰਲਡ ਬੁੱਕ ਆਫ਼ ਰਿਕਾਰਡ ਵਿੱਚ ਉਹਨਾਂ ਦੀ ਕਾਰ ਵਿੱਚ ਚਲਾਈ ਜਾ ਰਹੀ ਪ੍ਰਯੋਗਸ਼ਾਲਾ ਦਾ ਨਾਮ ਦਰਜ ਹੋਇਆ ਸੀ, ਜੋ ਕਿ ਦੁਨੀਆਂ ਦੀ ਇੱਕੋ ਇੱਕ ਪ੍ਰਯੋਗਸ਼ਾਲਾ ਹੈ ਅਤੇ ਇਸ ਵਿੱਚ 150 ਦੇ ਕਰੀਬ ਮਾਡਲ ਰੱਖੇ ਗਏ ਹਨ।