ਬਠਿੰਡਾ :ਜ਼ਿਲ੍ਹਾ ਬਠਿੰਡਾ ਤੋਂ ਕਰੀਬ 35 ਕਿਲੋਮੀਟਰ ਦੂਰ ਪੰਜਾਬ ਦਾ ਪ੍ਰਾਚੀਨ ਇਤਿਹਾਸ ਅਤੇ ਧਾਰਮਿਕ ਨਗਰ ਤਲਵੰਡੀ ਸਾਬੋ ਜਿਸ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿੱਖ ਪੰਥ ਦਾ ਇੱਕ ਮਹਾਨ ਸਥਾਨ ਹੈ। ਤਲਵੰਡੀ ਸਾਬੋ ਵਿੱਚ ਸੁਸ਼ੋਭਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦੇ ਪੰਜ ਤਖ਼ਤਾਂ ਵਿਚੋਂ ਚੌਥਾ ਅਸਥਾਨ ਹੈ ਅਤੇ ਇਸ ਨਗਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਕੀ ਕਾਸ਼ੀ ਦਾ ਆਸ਼ੀਰਵਾਦ ਮਿਲਿਆ ਹੋਇਆ ਹੈ। ਇਸ ਨਗਰ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਿਰਸੇ ਤੋਂ ਸੁਲਤਾਨਪੁਰ ਜਾਂਦੇ ਹੋਏ ਇਸ ਨਗ਼ਰ ਪਹੁੰਚੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਨਗਰ ਨੂੰ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਵੱਲੋਂ ਏਥੇ ਸਰੋਵਰ ਦੀ ਸੇਵਾ ਕਰਵਾਈ ਗਈ ਅਤੇ ਤਲਵੰਡੀ ਸਾਬੋ ਵਿਖੇ ਪਧਾਰਨ ਵਾਲੇ ਤੀਜੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ।
ਇਤਿਹਾਸ :ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪੱਕਾ ਕਲਾ ਪਿੰਡ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਵਿਖੇ ਪਹੁੰਚੇ ਸਨ। ਭਾਈ ਡੱਲਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਲਵੰਡੀ ਸਾਬੋ ਪੁੱਜਣ ਤੇ ਬਹੁਤ ਆਦਰ ਮਾਨ ਕਰਦੇ ਹੋਏ ਆਪਣੇ ਕਿਲ੍ਹੇ ਵਿੱਚ ਨਿਵਾਸ ਕਰਨ ਦੀ ਬੇਨਤੀ ਕੀਤੀ ਸੀ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਨਿਵਾਸ ਕੀਤਾ ਸੀ। ਇਸ ਅਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਮਰਕੱਸਾ ਖੋਲ੍ਹਿਆ ਗਿਆ ਸੀ ਜਿਸ ਕਰਕੇ ਇਸ ਦਾ ਨਾਮ ਦਮਦਮਾ ਸਾਹਿਬ ਪ੍ਰਚੱਲਿਤ ਹੋਇਆ।
'ਗੁਰੂ ਕੀ ਕਾਸ਼ੀ' ਦਾ ਵਰਦਾਨ : ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਕਿਹਾ ਕਿ ਇਸ ਸਥਾਨ ਉਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾ ਰਹੇ ਸਨ, ਤਾਂ ਲਿਖਾਈ ਸਮੇਂ ਜਿਸ ਕਲਮ ਦਾ ਮੂੰਹ ਘਿਸ ਜਾਂਦਾ ਸੀ, ਉਸ ਨੂੰ ਦੁਬਾਰਾ ਨਹੀਂ ਘੜ੍ਹਦੇ ਸਨ। ਉਸ ਨੂੰ ਸੰਭਾਲ ਕੇ ਰੱਖ ਲਿਆ ਜਾਂਦਾ ਸੀ। ਲਿਖਾਈ ਵਾਸਤੇ ਨਵੀਂ ਕਲਮ ਲਾਈ ਜਾਂਦੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਲਿਖਾਈ ਸੰਪੂਰਨ ਹੋਣ ਮਗਰੋਂ ਪੁਰਾਣੀਆਂ ਕਲਮਾਂ ਉੱਤੇ ਬਚੀ ਹੋਈ ਸਿਆਹੀ ਨੂੰ ਲਿਖਣਸਾਰ ਹੀ, ਸਰੋਵਰ ਵਿੱਚ ਪ੍ਰਵਾਹ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ। ਇੱਥੇ ਗੁਰਸਿੱਖ ਗੁਰਮੁਖੀ ਦੀ ਵਰਣਮਾਲਾ ਲਿੱਖ ਕੇ ਵਿੱਦਿਆ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਜਾਂਦੀ ਹੈ।
ਤਖ਼ਤ ਸ੍ਰੀ ਦਮਦਮਾ ਸਾਹਿਬ ਪ੍ਰਚੀਨ ਕਾਲ ਤੋ ਪੰਥਕ ਮਸਲਿਆਂ ਦਾ ਕੇਂਦਰ ਰਿਹਾ :ਮੁਗਲ ਕਾਲ ਦੌਰਾਨ ਜਦੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਉਜਾੜ ਦਿੱਤਾ ਗਿਆ, ਤਾਂ ਉਸ ਸਮੇਂ ਕੇਵਲ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦੀ ਅਗਵਾਈ ਕਰ ਰਿਹਾ ਸੀ। ਪੁਰਾਤਨ ਵਿਦਵਾਨ ਆਪਣੇ ਗ੍ਰੰਥ ਲਿਖ ਕੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਨ੍ਹਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੇ ਸੁਣਾ ਕੇ ਸੋਧਿਆ ਕਰਦੇ ਸਨ। ਇਥੋਂ ਹੀ ਪੁੱਛ ਕੇ ਜਾਂ ਇੱਥੇ ਹਾਜ਼ਰ ਹੋ ਕੇ ਬਹੁਤ ਸਾਰੇ ਧਾਰਮਿਕ ਮਸਲਿਆਂ ਬਾਰੇ ਅਗਵਾਈ ਲਈ ਜਾਂਦੀ ਸੀ।