ਬਠਿੰਡਾ:ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂਹ ਪ੍ਰਾਪਤ ਗੁਰਦੁਆਰਾ ਹਾਜੀ ਰਤਨ ਸਾਹਿਬ ਇਤਿਹਾਸਿਕ ਗੁਰੂ ਘਰ ਹੈ। ਅੱਜ ਈਟੀਵੀ ਭਾਰਤ ਦੀ ਟੀਮ ਇੱਥੇ ਆਉਣ ਵਾਲੀ ਸੰਗਤ ਦੀ ਹਰ ਇੱਛਾ ਪੂਰੀ ਹੁੰਦੀ ਹੈ। ਗੁਰਦੁਆਰਾ ਹਾਜੀ ਰਤਨ ਸਾਹਿਬ ਦਾ ਨਾਮ ਬਾਬਾ ਰਤਨ ਹਾਜੀ ਦੇ ਨਾਮ ਉਪਰ ਪਿਆ ਹੈ, ਜੋ ਕਿ ਹਿੰਦੂ ਸਨ। ਜਿਸ ਜਗ੍ਹਾ ਉੱਤੇ ਗੁਰਦੁਆਰਾ ਹਾਜੀ ਰਤਨ ਸਾਹਿਬ ਹੈ, ਇਤਿਹਾਸਕਾਰਾਂ ਅਨੁਸਾਰ ਇਸ ਜਗ੍ਹਾ ਉਪਰ ਬਾਬਾ ਰਤਨ ਹਾਜੀ ਦਾ ਡੇਰਾ ਹੁੰਦਾ ਸੀ। 21 ਜੂਨ 1706 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਭੁੱਚੋ, ਪਿੰਡ ਭਾਗੂ ਹੁੰਦੇ ਹੋਏ ਬਠਿੰਡਾ ਪਹੁੰਚੇ ਸਨ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਤਨ ਹਾਜੀ ਨੂੰ ਬੁਲਾ ਕੇ ਉਨ੍ਹਾਂ ਨਾਲ ਬਚਨ ਸਾਂਝੇ ਕੀਤੇ ਗਏ ਸਨ। ਹੁਣ ਇਸ ਅਸਥਾਨ ਉੱਪਰ ਗੁਰਦੁਆਰਾ ਹਾਜੀ ਰਤਨ ਸਾਹਿਬ ਸੁਸ਼ੋਭਿਤ ਹੈ।
ਕਿਲ੍ਹਾ ਸਾਹਿਬ ਦਾ ਇਤਿਹਾਸ:ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਦੱਸਿਆ ਕਿ ਜਦੋਂ ਬਠਿੰਡਾ ਦੇ ਆਲੇ-ਦੁਆਲੇ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਹਾਜੀ ਰਤਨ ਕੋਲ ਆਏ ਹੋਣ ਦਾ ਪਤਾ ਲੱਗਿਆ, ਤਾਂ ਉਹ ਵੱਡੀ ਗਿਣਤੀ ਵਿਚ ਦਰਸ਼ਨਾਂ ਲਈ ਪਹੁੰਚਣ ਲੱਗੀਆਂ। ਸੰਗਤਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ, ਕਿ ਤੁਸੀ ਉਜਾੜ ਵਿੱਚ ਬੈਠੇ ਹੋ, ਕਿਰਪਾ ਕਰ ਕੇ ਕਿਲ੍ਹਾ ਸਾਹਿਬ ਵਿੱਚ ਚਲੋ। ਗੁਰੂ ਸਾਹਿਬ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ, ਕਿਲ੍ਹਾ ਮੁਬਾਰਕ ਵਿਖੇ ਚਰਨ ਪਾਏ, ਕਿਲ੍ਹਾ ਮੁਬਾਰਕ ਵਿਖੇ ਪਹੁੰਚਣ ਉਪਰੰਤ, ਉਨ੍ਹਾਂ ਨੇ ਸੰਗਤਾਂ ਨੂੰ ਪੁੱਛਿਆ ਕਿ ਕੋਈ ਦੁੱਖ ਤਕਲੀਫ ਤਾਂ ਨਹੀਂ ਹੈ, ਤਾਂ ਸੰਗਤਾਂ ਨੇ ਗੁਰੂ ਸਾਹਿਬ ਅੱਗੇ ਆਪਣੀ ਤਕਲੀਫ਼ ਦੱਸਦੇ ਹੋਏ ਕਿਹਾ, ਕਿ ਇਸ ਕਿਲ੍ਹੇ ਵਿੱਚ ਕਾਣਾ ਦਿਓ ਰਹਿੰਦਾ ਹੈ, ਜੋ ਕਿ ਸੰਗਤਾਂ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਉੱਤੇ ਗੁਰੂ ਸਾਹਿਬ ਨੇ ਕਾਣੇ ਦਿਓ ਨੂੰ ਬੁਲਾਇਆ ਅਤੇ ਪੁੱਛਿਆ ਕਿ ਕਿਉਂ ਸੰਗਤਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹੋ, ਕਾਣੇ ਦਿਓ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ, ਕਿ ਉਹ ਕਾਫੀ ਸਮੇਂ ਤੋਂ ਭੁੱਖਾ ਰਹਿ ਰਿਹਾ ਹੈ। ਇਸ ਲਈ ਤੁਸੀਂ ਮੇਰੀ ਭੁੱਖ ਨਵਿਰਤ ਕਰੋ। ਮੈਂ ਤੁਹਾਡੇ ਕਹਿਣ ਉੱਤੇ ਕਿਲ੍ਹੇ ਵਿੱਚੋਂ ਸਦਾ ਲਈ ਚਲਾ ਜਾਵਾਂਗਾ।