ਬਠਿੰਡਾ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੰਗਲਵਾਰ ਨੂੰ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤੋਂ ਕੁਝ ਦੂਰੀ ਉੱਤੇ ਰੋਸ ਧਰਨਾ ਦਿੱਤਾ ਗਿਆ। ਦੱਸ ਦਈਏ, ਧਰਨਾ ਲਾਉਣ ਤੋਂ ਪਹਿਲਾਂ ਹੀ ਪੁਲਿਸ ਬੈਰੀਗੇਟ ਲਗਾ ਦਿੱਤੇ ਸਨ ਤਾਂ ਕਿ ਕੋਈ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਵਿੱਚ ਆਸਾਨੀ ਨਾਲ ਨਾ ਪਹੁੰਚ ਸਕੇ।
ਖੇਤ ਮਜ਼ਦੂਰ ਯੂਨੀਅਨ ਨੇ ਪੰਜਾਬ ਦੇ ਵਿੱਤ ਮੰਤਰੀ ਦੇ ਦਫ਼ਤਰ ਦਾ ਕੀਤਾ ਘਿਰਾਓ - bathinda
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਤੋਂ ਕੁਝ ਦੂਰੀ ਉੱਤੇ ਰੋਸ ਧਰਨਾ ਦਿੱਤਾ ਗਿਆ।
ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੀ ਵਿੱਤ ਮੰਤਰੀ ਦੇ ਦਫ਼ਤਰ ਦੇ ਬਾਹਰ ਕਾਫ਼ੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਪੁਲਿਸ ਨੇ ਯੂਨੀਅਨ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਇਸ ਬੈਰੀਗੇਟ ਤੋਂ ਅੱਗੇ ਨਹੀਂ ਜਾ ਸਕਦੇ ਹਨ। ਇਸ ਕਰਕੇ ਜੇਕਰ ਕਿਸੇ ਤਰ੍ਹਾਂ ਦੀ ਮੀਟਿੰਗ ਕਰਨੀ ਹੈ ਤਾਂ ਉਸ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਕਾਰਨ ਜੋ ਵੀ ਹਦਾਇਤਾਂ ਮਿਲੀਆਂ ਹਨ ਉਨ੍ਹਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਕਿ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।
ਪੰਜਾਬ ਖੇਤ ਮਜ਼ਦੂਰ ਦੇ ਆਗੂ ਜੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਜਬੂਰਨ ਇਸ ਤਰ੍ਹਾਂ ਦੇ ਧਰਨੇ ਦੇਣੇ ਪੈ ਰਹੇ ਹਨ ਤਾਂ ਕਿ ਲੋਕਾਂ ਦੀ ਮੰਗ ਸਰਕਾਰ ਤੱਕ ਪੁੱਜ ਸਕੇ। ਜੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਆਪਣੀ ਜ਼ਰੂਰੀ ਮੰਗਾਂ ਨੂੰ ਲੈ ਕੇ ਕਾਫ਼ੀ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੰਤਰੀਆਂ ਨੂੰ ਯੂਨੀਅਨ ਵੱਲੋਂ ਚਿੱਠੀ ਵੀ ਭੇਜੀ ਜਾ ਚੁੱਕੀ ਹੈ ਜਿਸ ਵਿੱਚ ਆਪਣੀਆਂ ਮੰਗਾਂ ਵੀ ਲਿਖੀਆਂ ਹਨ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਬਿਜਲੀ ਦੇ ਬਿੱਲ ਮਾਫ਼ ਕਰੇ ਕਿਉਂਕਿ ਕੋਰੋਨਾ ਦੇ ਚੱਲਦੇ ਕਈ ਲੋਕਾਂ ਨੂੰ ਆਰਥਿਕ ਘਾਟਾ ਪਿਆ ਹੈ ਇਸ ਦੀ ਸਭ ਤੋਂ ਜ਼ਿਆਦਾ ਮਾਰ ਗਰੀਬ ਤਬਕੇ ਨੂੰ ਪੈ ਰਹੀ ਹੈ।