ਬਠਿੰਡਾ: ਪੰਜਾਬ ਦੇ ਪੁਰਾਤਨ ਵਿਰਸੇ ਵਿੱਚੋਂ ਮਨੋਰੰਜਨ ਦਾ ਇੱਕ ਸਾਧਨ ਹੁੰਦਾ ਸੀ ਬਾਜ਼ੀਗਰਾਂ ਦੀਆਂ ਬਾਜ਼ੀਆਂ, ਪਿੰਡ ਦੀ ਸੱਥ ਵਿੱਚ ਬਾਜ਼ੀਗਰਾਂ ਵੱਲੋਂ ਬਾਜ਼ੀਆਂ ਦਿਖਾਈਆਂ ਜਾਂਦੀਆਂ ਸਨ ਅਤੇ ਇਹ ਪ੍ਰੋਗਰਾਮ 2 ਤੋਂ 3 ਦਿਨ ਤੱਕ ਇੱਕ ਪਿੰਡ ਵਿੱਚ ਚੱਲਦਾ ਸੀ ਅਤੇ ਇਸ ਕਲਾ ਨੂੰ ਵੇਖਣ ਲਈ ਦੂਰੋਂ ਦੂਰੋਂ ਲੋਕ ਘੋੜਿਆਂ ਅਤੇ ਉੱਠਾਂ ਉੱਤੇ ਆਉਂਦੇ ਸਨ।
ਪਰ ਅੱਜ ਸਮੇਂ ਦੀ ਵੱਡੀ ਤਬਦੀਲੀ ਕਾਰਨ ਪੰਜਾਬ ਦੇ ਪੁਰਾਤਨ ਵਿਰਸੇ ਵਿੱਚੋਂ ਬਾਜ਼ੀਗਰਾਂ ਦੀਆਂ ਬਾਜ਼ੀਆਂ ਅਲੋਪ ਹੁੰਦੀਆਂ ਨਜ਼ਰ ਆ ਰਹੀਆਂ ਹਨ। ਜਿਸ ਦਾ ਵੱਡਾ ਕਾਰਨ ਕਿਤੇ ਨਾ ਕਿਤੇ ਬਾਜ਼ੀਗਰ ਭਾਈਚਾਰੇ ਵੱਲੋਂ ਬਾਜ਼ੀਆਂ ਵਿੱਚ ਲੋਕਾਂ ਵੱਲੋਂ ਘੱਟ ਰੁਚੀ ਵਿਖਾਉਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਹੁਣ ਕੋਈ ਟਾਵਾਂ ਟੱਲਾ ਹੀ ਬਾਜ਼ੀਗਰ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਬਾਜ਼ੀਆਂ ਦੀ ਕਲਾ ਦਿਖਾਉਂਦਾ ਹੈ, ਕਿਉਂਕਿ ਲੋਕਾਂ ਵੱਲੋਂ ਹੁਣ ਬਾਜ਼ੀਆਂ ਪਾਉਣ ਵਾਲੇ ਬਾਜ਼ੀਗਰ ਭਾਈਚਾਰੇ ਨੂੰ ਹੌਂਸਲਾ ਨਹੀਂ ਦਿੱਤਾ ਜਾ ਰਿਹਾ।
ਬਾਜ਼ੀਗਰ ਭਾਈਚਾਰਾ ਨਿਰਾਸ਼: ਇਸ ਦੌਰਾਨ ਬਾਜ਼ੀਆਂ ਪਾਉਣ ਵਾਲੇ ਵਕੀਲ ਸਿੰਘ ਨੇ ਦੱਸਿਆ ਕਿ ਇਹ ਕਲਾ ਉਸ ਨੂੰ ਵਿਰਾਸਤ ਵਿੱਚ ਮਿਲੀ। ਉਸਦੇ ਪਿਤਾ ਵੱਲੋਂ ਮਹਿਜ 8 ਤੋਂ 9 ਸਾਲ ਦੀ ਉਮਰ ਵਿੱਚ ਉਸ ਨੂੰ ਬਾਜ਼ੀਆਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਪਿੰਡ ਦੇ ਟਿੱਬਿਆਂ ਵਿੱਚ ਲਿਜਾ ਕੇ ਲਗਾਤਾਰ ਉਸ ਨੂੰ ਤਿਆਰੀ ਕਰਵਾਈ ਜਾਂਦੀ ਸੀ। ਜਿਸ ਤੋਂ ਬਾਅਦ ਵਕੀਲ ਸਿੰਘ ਵੱਲੋਂ ਪਿੰਡ ਦੀਆਂ ਸੱਥਾਂ ਵਿੱਚ ਜਾ ਕੇ ਬਾਜ਼ੀਆਂ ਦਿਖਾਈਆਂ ਜਾਂਦੀਆਂ ਸਨ।
ਜਿਸ ਨੂੰ ਵੇਖਣ ਲਈ ਲੋਕ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਜਾਂਦੇ ਸਨ ਤੇ ਇਹ ਪ੍ਰੋਗਰਾਮ 2 ਤੋਂ 3 ਤਿੰਨ ਦਿਨ ਚੱਲਦਾ ਸੀ। ਇਸ ਦੌਰਾਨ ਬਾਜ਼ੀਗਰ ਭਾਈਚਾਰੇ ਵੱਲੋਂ ਆਪਣੀ ਕਲਾ ਵਿਖਾਈ ਜਾਂਦੀ ਅਤੇ ਲੋਕਾਂ ਵੱਲੋਂ ਵੀ ਬਾਜ਼ੀਆਂ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਵਿੱਚ ਇਨਾਮ ਦਿੱਤਾ ਜਾਂਦਾ ਸੀ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਅਨਾਜ ਹੁੰਦਾ ਸੀ, ਇਨਾਮ ਵਜੋਂ ਦੁੱਧ ਘਿਓ ਅਤੇ ਬਦਾਮ ਤੱਕ ਦਿੱਤੇ ਜਾਂਦੇ ਸਨ ਤਾਂ ਜੋ ਬਾਜ਼ੀਆਂ ਪਾਉਣ ਵਾਲੇ ਆਪਣੀ ਸਿਹਤ ਦਾ ਖਿਆਲ ਰੱਖ ਸਕਣ।
ਬਾਜ਼ੀਆਂ ਪਾਉਣ ਵਾਲੇ ਵਕੀਲ ਸਿੰਘ ਦਾ ਬਿਆਨ ਨਵੀਂ ਪੀੜੀ ਵੱਲੋਂਬਾਜ਼ੀਆਂ ਪਾਉਣ 'ਚ ਘੱਟ ਦਿਲਚਸਪੀ:ਪੁਰਾਤਨ ਸਮੇਂ ਵਿੱਚ ਦੂਰੋਂ ਦੂਰੋਂ ਬਜ਼ੁਰਗ ਬਾਜ਼ੀਆਂ ਵੇਖਣ ਆਉਂਦੇ ਸਨ। ਵਕੀਲ ਸਿੰਘ ਵੱਲੋਂ ਦਿਖਾਈਆਂ ਜਾਂਦੀਆਂ ਬਾਜ਼ੀਆਂ ਉੱਤੇ ਹੈਰਾਨੀ ਪ੍ਰਗਟ ਕੀਤੀ ਜਾਂਦੀ ਸੀ ਅਤੇ ਉਨਾਂ ਦੀ ਕਲਾ ਨੂੰ ਹੌਸਲਾ ਦਿੱਤਾ ਜਾਂਦਾ ਸੀ। ਪਰ ਹੁਣ ਨਵੀਂ ਪੀੜੀ ਵੱਲੋਂ ਬਾਜ਼ੀਆਂ ਵੇਖਣ ਵਿੱਚ ਕੋਈ ਬਹੁਤੀ ਰੁਚੀ ਨਹੀਂ ਦਿਖਾਈ ਜਾ ਰਹੀ। ਜਿਸ ਕਾਰਨ ਇਹ ਵਿਰਾਸਤ ਲਗਾਤਾਰ ਅਲੋਪ ਹੋ ਰਹੀ ਹੈ। ਦੂਸਰਾ ਵੱਡਾ ਕਾਰਨ ਬਾਜ਼ੀਆਂ ਦਿਖਾਉਣ ਲਈ ਕੱਚੀ ਜਗ੍ਹਾ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਪਰ ਹੁਣ ਪਿੰਡ ਵਿੱਚ ਕੱਚੀਆਂ ਥਾਵਾਂ ਬਹੁਤ ਘੱਟ ਰਹਿ ਗਈਆਂ ਹਨ।
ਅੱਗੇ ਬਾਜ਼ੀਆਂ ਦੇ ਪ੍ਰੋਗਰਾਮ 2 ਤੋਂ 3 ਦਿਨ ਚੱਲਦੇ ਸਨ, ਪਰ ਹੁਣ ਸਮੇਂ ਦੀ ਘਾਟ ਦੇ ਚੱਲਦਿਆਂ ਬਾਜ਼ੀਆਂ ਦੇ ਪ੍ਰੋਗਰਾਮ ਮਹਿਜ਼ 2 ਤੋਂ 3 ਘੰਟੇ ਚੱਲਦੇ ਹਨ, ਜਿਸ ਦਾ ਵੱਡਾ ਕਾਰਨ ਲੋਕਾਂ ਵੱਲੋਂ ਦਿਲਚਸਪੀ ਨਾਂ ਦਿਖਾਉਣਾ ਹੈ। ਇਸੇ ਕਰਕੇ ਹੁਣ ਉਨ੍ਹਾਂ ਦੀ ਅਗਲੀ ਪੀੜੀ ਵੱਲੋਂ ਇਸ ਕਲਾ ਨੂੰ ਸਿੱਖਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਕਲਾ ਨਾਲ ਹੁਣ ਘਰ ਦਾ ਗੁਜ਼ਾਰਾ ਨਹੀਂ ਹੋ ਸਕਦਾ।
ਪੰਜਾਬ ਦੀ ਅਨਮੋਲ ਵਿਰਾਸਤ ਅਲੋਪ:ਇਸ ਦੌਰਾਨ ਹੀ ਵਕੀਲ ਸਿੰਘ ਦੇ ਉਸਤਾਦ ਤੇ ਪਿਤਾ ਮਿੱਠੂ ਸਿੰਘ ਦਾ ਕਹਿਣਾ ਹੈ ਕਿ ਬਾਜ਼ੀਗਰਾਂ ਵੱਲੋਂ ਅੱਗੇ ਪੀੜੀ ਦਰ ਪੀੜੀ ਆਪਣੇ ਬੱਚਿਆਂ ਨੂੰ ਬਾਜ਼ੀ ਪਾਉਣੀ ਸਿਖਾਈ ਜਾਂਦੀ ਸੀ, ਪਰ ਸਮੇਂ ਅਨੁਸਾਰ ਹੁਣ ਬੱਚੇ ਪੜ੍ਹ ਲਿਖ ਗਏ ਹਨ ਤੇ ਉਹ ਇਸ ਕਲਾ ਨੂੰ ਨਹੀਂ ਸਿੱਖਣਾ ਚਾਹੁੰਦੇ। ਜਿਸ ਦਾ ਵੱਡਾ ਕਾਰਨ ਲੋਕਾਂ ਵੱਲੋਂ ਵੀ ਬਾਜ਼ੀਆਂ ਵੇਖਣ ਤੋਂ ਗਰੇਜ਼ ਕਰਨਾ ਹੈ। ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਸ਼ਾਇਦ ਉਨਾਂ ਦੀ ਇਹ ਆਖਰੀ ਪੀੜੀ ਹੋਵੇਗੀ, ਜਿਸ ਵੱਲੋਂ ਬਾਜ਼ੀਆਂ ਦਿਖਾਈਆਂ ਜਾ ਰਹੀਆਂ ਹਨ। ਹੌਲੀ-ਹੌਲੀ ਲੋਕ ਇਸ ਕਲਾਂ ਤੋਂ ਦੂਰ ਹੋ ਰਹੇ ਹਨ ਅਤੇ ਪੰਜਾਬ ਦੀ ਅਨਮੋਲ ਵਿਰਾਸਤ ਅਲੋਪ ਹੁੰਦੀ ਜਾ ਰਹੀ ਹੈ।