ਬਠਿੰਡਾ: ਜੰਮੂ ਕਸ਼ਮੀਰ ਵਿੱਚ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਲਈ ਬਣੇ ਬੋਰਡ ਦੀ ਮੌਜੂਦਾ ਮਿਆਦ 8 ਜੁਲਾਈ ਨੂੰ ਖਤਮ ਹੋਣ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੰਗ ਕੀਤੀ ਹੈ ਕਿ ਉਕਤ ਬੋਰਡ ਦੇ ਕਾਰਜਕਾਲ 'ਚ ਸਰਕਾਰ 6 ਮਹੀਨੇ ਦਾ ਵਾਧਾ ਕਰੇ।
ਪੱਤਰਕਾਰਾਂ ਨਾਲ ਇੱਥੇ ਗੱਲ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਬੋਰਡ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ ਪਰ ਜੰਮੂ ਕਸ਼ਮੀਰ ਪ੍ਰਸ਼ਾਸ਼ਨ ਕੋਰੋਨਾ ਦਾ ਬਹਾਨਾ ਬਣਾ ਕੇ ਕਹਿ ਰਿਹਾ ਹੈ ਕਿ ਚੋਣ ਨਹੀਂ ਹੋ ਸਕਦੀ। ਜਥੇਦਾਰ ਨੇ ਕਿਹਾ ਕਿ ਅਸਲ ਵਿੱਚ ਜੰਮੂ ਕਸ਼ਮੀਰ ਸਰਕਾਰ ਮੌਜੂਦਾ ਬੋਰਡ ਨੂੰ ਭੰਗ ਕਰਕੇ ਉਸ ਵਿੱਚ ਸਰਕਾਰ ਪੱਖੀ ਨੁਮਾਇੰਦੇ ਪਾ ਕੇ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਉਨ੍ਹਾਂ ਨੂੰ ਸੌਂਪਣਾ ਚਾਹੁੰਦੀ ਹੈ, ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।