ਬਠਿੰਡਾ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਜ਼ਰੂਰੀ ਵਿਚਾਰਾਂ ਕਰਨ ਲਈ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ। ਜਿਸ ਵਿਚ ਤਕਰੀਬਨ 60 ਤੋਂ 70 ਦੇ ਕਰੀਬ ਚੋਣਵੀਆਂ ਸਿੱਖ ਜਥੇਬੰਦੀਆਂ/ਸੰਪ੍ਰਦਾਵਾਂ/ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਸਾਹਿਬਾਨਾਂ ਨੂੰ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਸੁਨੇਹੇ ਭੇਜੇ ਗਏ ਸਨ। ਉਥੇ ਹੀ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਿੱਖ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਬਾਰੇ ਬੁਲਾਈ ਇਕੱਤਰਤਾ ਤੋਂ ਪਹਿਲਾਂ ਇਤਿਹਾਸਕ ਨਗਰ ਤਲਵੰਡੀ ਸਾਬੋ ਪੁਲਿਸ ਛਾਉਣੀ 'ਚ ਤਬਦੀਲ ਨਜ਼ਰ ਆ ਰਿਹੈ।ਤਖ਼ਤ ਸਾਹਿਬ ਨੂੰ ਜਾਂਦੇ ਰਾਸਤੇ 'ਤੇ ਥਾਂ ਥਾਂ ਉੱਤੇ ਬੇਰਿਕੇਡ ਲਾਏ ਹੋਏ ਹਨ। ਜਦੋਂ ਕਿ ਨਗਰ ਦੁਆਲੇ ਕੀਤੀ ਨਾਕੇਬੰਦੀ ਦਾ ਜਾਇਜ਼ਾ ਖੁਦ ਐੱਸ ਐੱਸ ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਲੈਂਦੇ ਦਿਖਾਈ ਦਿੱਤੇ। ਨਗਰ ਵਿਚ ਦੰਗਾ ਰੋਕੂ ਫੋਰਸ ਦੀ ਤਾਇਨਾਤੀ ਵੀ ਨਜ਼ਰ ਆ ਰਹੀ ਹੈ।
ਅੰਮ੍ਰਿਤਪਾਲ ਸਿੰਘ ਇਸ ਵਿਸ਼ੇਸ਼ ਮੀਟਿੰਗ ਵਿੱਚ ਆਤਮ ਸਮਰਪਣ ਕਰ ਸਕਦਾ ! : ਜ਼ਿਕਰਯੋਗ ਹੈ ਕਿ ਬੀਤੇ 21 ਦਿਨਾਂ ਤੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਸੁਰਾਗ ਨਹੀਂ ਲੱਗ ਰਿਹਾ। ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਵੱਲੋਂ ਭਗੌੜੇ ਦੇ ਪੋਸਟਰ ਤੱਕ ਲਾਏ ਗਏ ਹਨ। ਪਰ, ਪੁਲਿਸ ਉਸਦਾ ਪਤਾ ਲਗਾਉਣ ਵਿੱਚ ਅਸਮਰਥ ਹੈ। ਹਾਲਾਂਕਿ ਪੁਲਿਸ ਨੂੰ ਇਨਪੁਟਸ ਮਿਲੇ ਹਨ ਕਿ ਅੰਮ੍ਰਿਤਪਾਲ ਸਿੰਘ ਇਸ ਵਿਸ਼ੇਸ਼ ਮੀਟਿੰਗ ਵਿੱਚ ਆਤਮ ਸਮਰਪਣ ਕਰ ਸਕਦਾ ਹੈ। ਇਸ ਵਿਸ਼ੇਸ਼ ਮੀਟਿੰਗ ਦਾ ਆਯੋਜਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੀਡੀਆ 'ਤੇ ਲਗਾਈਆਂ ਗਈਆਂ ਪਾਬੰਦੀਆਂ ਬਾਰੇ ਵਿਚਾਰ ਕਰਨ ਲਈ ਕੀਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਅੰਮ੍ਰਿਤਪਾਲ ਨੂੰ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਜਾਵੇ।