ਬਠਿੰਡਾ: ਬਠਿੰਡਾ ਤੋਂ ਵਿਧਾਇਕ ਰਹੇ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵੱਲੋਂ ਬੀਤੀ ਦਿਨੀਂ ਕੀਤੇ ਗਏ ਟਵੀਟ ਤੋਂ ਬਾਅਦ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇੱਛਾ ਪਾਰਟੀ ਦੀ ਵਿਰੋਧਤਾ ਨਹੀਂ ਪਰ ਪਾਰਟੀ ਸੀਨੀਅਰ ਲੀਡਰਸ਼ਿਪ ਨੂੰ ਉਦੈਪੁਰ ਵਿਖੇ ਰੱਖੇ ਗਏ ਸਿਖਰ ਸੰਮੇਲਨ ਸਬੰਧੀ ਵਰਕਰਾਂ ਦੀ ਵੀ ਰਾਏ ਮਸ਼ਵਰਾ ਲਿਆ ਜਾਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਮੈਂ ਇੱਕ ਵਰਕਰ ਦੇ ਤੌਰ 'ਤੇ ਪਾਰਟੀ ਲਈ ਇਹ ਟਵੀਟ ਕੀਤਾ ਸੀ, ਕਿਉਂਕਿ ਜਿਸ ਤਰ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਬੋਲਣ ਵਾਲਿਆਂ ਨੂੰ ਪਾਰਟੀ ਵਿੱਚ ਅਹੁਦੇ ਦਿੱਤੇ ਗਏ, ਜਦੋਂ ਕਿ ਪਾਰਟੀ ਦੇ ਵਿੱਚ ਹੀ ਰਹਿ ਕੇ ਵਿਆਹੁਤਾ ਕਰਨ ਵਾਲੇ ਸੁਨੀਲ ਜਾਖੜ ਨੂੰ ਨੋਟਿਸ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਵੱਲੋਂ ਸ਼ਰ੍ਹੇਆਮ ਸਟੇਜਾਂ ਉੱਤੋਂ ਬੋਲਿਆ ਗਿਆ, ਪਰ ਪਾਰਟੀ ਵੱਲੋਂ ਇਨ੍ਹਾਂ ਖ਼ਿਲਾਫ਼ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਚਾਹੀਦਾ ਹੈ ਕਿ ਸਿਖਰ ਸੰਮਲੇਨ ਦੌਰਾਨ ਵਰਕਰਾਂ ਦੀ ਵੀ ਸੁਣਵਾਈ ਕਰਦੇ ਨਹੀਂ ਤਾਂ ਪਾਰਟੀ ਵਰਕਰ ਆਮ ਮੁਹਾਰੇ ਇੱਕ ਦੂਜੇ ਖ਼ਿਲਾਫ਼ ਬੋਲਣ ਲੱਗ ਜਾਣਗੇ।