ਬਠਿੰਡਾ: ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਗੀਤ 'ਮਿਸ਼ਨ ਫ਼ਤਿਹ' ਬਣਾਇਆ ਗਿਆ। ਇਸ ਗੀਤ ਦੀ ਜੇ ਗ਼ੱਲ ਕਰੀਏ ਤਾਂ ਇਸ ਵਿੱਚ ਕਈ ਬਾਲੀਵੁੱਡ ਤੇ ਪਾਲੀਵੁੱਡ ਹਸਤੀਆਂ ਨੇ ਆਪਣਾ ਯੋਗਦਾਨ ਪਾਇਆ ਹੈ।
'ਮਿਸ਼ਨ ਫ਼ਤਿਹ' ਗੀਤ ਦੇ ਲੇਖਕ ਨਾਲ ਖ਼ਾਸ ਗ਼ੱਲਬਾਤ - ਲੇਖਕ ਮਨਪ੍ਰੀਤ ਗੋਸਲ
ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮਿਸ਼ਨ ਫ਼ਤਿਹ ਗੀਤ ਦੇ ਲੇਖਕ ਮਨਪ੍ਰੀਤ ਗੋਸਲ ਨੇ ਈਟੀਵੀ ਭਾਰਤ ਨਾਲ ਖ਼ਾਸ ਗ਼ੱਲਬਾਤ ਕਰਦਿਆਂ ਲੋਕਾਂ ਨੂੰ ਕੋਰੋਨਾ ਦੇ ਬਚਾਅ ਲਈ ਆਪਣੇ ਘਰਾਂ ਵਿੱਚ ਰਹਿਣ ਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਇਸ ਗੀਤ ਨੂੰ ਲਿਖਣ ਵਾਲੇ ਬਠਿੰਡਾ ਵਾਸੀ ਮਨਪ੍ਰੀਤ ਸਿੰਘ ਗੋਸਲ ਹਨ। ਗੋਸਲ ਵੱਲੋਂ ਪਹਿਲਾਂ ਇੱਕ ਕਾਰਟੂਨ ਡਾਕੂਮੈਂਟਰੀ ਤਿਆਰ ਕੀਤੀ ਗਈ ਸੀ। ਇਸ ਡਾਕੂਮੈਂਟਰੀ ਵਿੱਚ ਦੱਸਿਆ ਗਿਆ ਸੀ ਕਿ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕੇ।
ਗੀਤ 'ਮਿਸ਼ਨ ਫ਼ਤਿਹ' ਬਾਰੇ ਗ਼ੱਲ ਕਰਦਿਆਂ ਗੋਸਲ ਨੇ ਕਿਹਾ ਕਿ ਇਹ ਗੀਤ ਉਨ੍ਹਾਂ ਨੇ ਡੇਢ ਘੰਟੇ ਵਿੱਚ ਲਿਖਿਆ ਸੀ। ਇਸ ਗੀਤ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਹਸਤੀਆਂ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਸਾਰੇ ਲੋਕਾਂ ਵੱਲੋਂ ਸਹਿਯੋਗ ਮਿਲਿਆ ਤਾਂ ਪੰਜਾਬ ਇਸ ਮਿਸ਼ਨ 'ਤੇ ਫ਼ਤਿਹ ਜ਼ਰੂਰ ਕਰੇਗਾ।