ਬਠਿੰਡਾ: ਰਾਮਪੁਰਾ ਫੂਲ ਦੇ ਏਸ਼ੀਅਨ ਨੈਸ਼ਨਲ ਖੇਡਾਂ ਵਿੱਚ ਬੈਂਚ ਪ੍ਰੈਸ ’ਚ ਗੋਲਡ ਮੈਡਲ ਜਿੱਤਣ ਵਾਲੇ ਇੰਦਰਜੀਤ ਸਿੰਘ ਦੀ ਕਹਾਣੀ ਜਾਣਦੇ ਹਾਂ। ਇੰਦਰਜੀਤ ਇੱਕ ਵਾਰ ਨਹੀਂ, ਦੋ ਵਾਰ ਨਹੀਂ ਬਲਕਿ ਬੈਂਚ ਪ੍ਰੈੱਸ 'ਚ ਅੱਠ ਵਾਰ ਦਾ ਚੈਂਪੀਅਨ ਹੈ। ਵਰਲਡ ਕੱਪ ਵਿੱਚ ਖੇਡਣ ਵਾਲੇ ਇੰਦਰਜੀਤ ਸਿੰਘ ਬੈਂਚ ਪ੍ਰੈਸ 'ਚ ਜਿੱਥੇ ਅੱਠ ਵਾਰ ਦਾ ਚੈਂਪੀਅਨ ਹੈ, ਉੱਥੇ ਹੀ ਉਸ ਨੇ ਆਪਣੇ ਰਿਕਾਰਡ 'ਆਪ' ਹੀ ਤੋੜੇ ਹਨ। 2018 'ਚ ਗੋਲਡ ਮੈਡਲ ਜਿੱਤਣ ਮਗਰੋਂ ਵੀ ਚੈਂਪੀਅਨ ਇੰਦਰਜੀਤ ਦਾ ਅੱਜ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬਣਦਾ ਮਾਣ-ਸਤਿਕਾਰ ਨਹੀਂ ਕੀਤਾ। ਹੁਣ ਹਾਲਤ ਇਹ ਹਨ ਕਿ ਚੈਪੀਂਅਨ ਬਣਨ ਤੋਂ ਬਾਅਦ ਵੀ ਇੰਦਰਜੀਤ ਦਰਜਾ ਚਾਰ ਮੁਲਜ਼ਮ ਦੀ ਨੌਕਰੀ ਕਰਨ ਲਈ ਮਜ਼ਬੂਰ ਹੈ।
ਇੰਦਰਜੀਤ ਦਾ ਸੁਪਨਾ ਕਿਵੇਂ ਹੋਵੇਗਾ ਪੂਰਾ: ਭਾਵੇਂ ਕਿ ਹੁਣ ਇੰਦਰਜੀਤ ਨਹੀਂ ਖੇਡਦਾ, ਪਰ ਆਪਣੇ ਅੰਦਰਲੇ ਖਿਡਾਰੀ ਨੂੰ ਜਿਉਂਦਾ ਰੱਖਣ ਲਈ ਇੰਦਰਜੀਤ ਵੱਲੋਂ ਇੱਕ ਜਿੰਮ ਵਿੱਚ ਕਰੀਬ ਦੋ ਦਰਜਨ ਨੌਜਵਾਨਾਂ ਨੂੰ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਏਸ਼ੀਅਨ ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲਿਸਟ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮੋਢੇ 'ਤੇ ਸੱਟ ਲੱਗ ਕਾਰਨ ਉਹ ਵਰਲਡ ਕੱਪ ਵਿੱਚ ਭਾਗ ਨਹੀਂ ਲੈ ਸਕਿਆ ਕਿਉਂਕਿ ਉਹ ਬਹੁਤਾ ਭਾਰ ਨਹੀਂ ਚੱਕ ਸਕਦਾ ਸੀ। ਆਖਰਕਾਰ ਚੈਂਪੀਅਨ ਨੇ ਆਪਣੀ ਇਸ ਰੀਜ ਨੂੰ ਪੂਰਾ ਕਰਨ ਲਈ ਇੱਕ ਜਿਮ 'ਚ ਨੌਜਵਾਨਾਂ ਨੂੰ ਬੈਂਚ ਪ੍ਰੈਸ ਦੀ ਟ੍ਰੇਨਿੰਗ ਦੇ ਰਿਹਾ ਹੈ ਤਾਂ ਜੋ ਉਹ ਆਪਣਾ ਵਰਲਡ ਕੱਪ ਖੇਡਣ ਦਾ ਸੁਪਨਾ ਇਹਨਾਂ ਨੌਜਵਾਨ ਖਿਡਾਰੀਆਂ ਰਾਹੀਂ ਪੂਰਾ ਕਰ ਸਕੇ।
ਮੈਡਲਾਂ ਦਾ ਨਹੀਂ ਪਿਆ ਕੋਈ ਮੁੱਲ: ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਸ ਦੀ ਖੇਡ ਦਾ ਕੋਈ ਮੁੱਲ ਨਹੀਂ ਪਾਇਆ ਗਿਆ। ਉਸ ਵੱਲੋਂ ਸਰਕਾਰੀ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਦੀਆਂ ਗਈਆਂ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ, ਪਰ ਉਸ ਦੀ ਕਿਸੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ। ਗਰੀਬ ਪਰਿਵਾਰ ਨਾਲ ਸੰਬੰਧਿਤ ਹੋਣ ਕਾਰਨ ਮਜ਼ਬੂਰੀ ਹੋ ਕੇ ਉਸ ਨੂੰ ਦਰਜਾ ਚਾਰ ਮੁਲਾਜ਼ਮ ਦੀ ਨੌਕਰੀ ਕਰਨੀ ਪੈ ਰਹੀ ਹੈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ।
ਬੱਚੇ ਲਗਾ ਰਹੇ ਮੈਡਲਾਂ ਦੇ ਢੇਰ:ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਜਿੰਨ੍ਹਾਂ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਨੇ ਪਿਛਲੇ ਦਿਨੀਂ ਹੋਈਆਂ ਖੇਡਾਂ ਵਿੱਚ ਮੈਡਲਾਂ ਦੇ ਢੇਰ ਲਗਾ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਉਸ ਦੇ ਵਿਦਿਆਰਥੀਆਂ ਨੇ ਚਾਰ ਗੋਲਡ ਮੈਡਲ, ਦੋ ਸਿਲਵਰ ਮੈਡਲ ਜਿੱਤੇ ਹਨ। ਇਸ ਤੋਂ ਇਲਾਵਾ ਸਕੂਲ ਪੱਧਰ ਦੀਆਂ ਖੇਡਾਂ ਵਿੱਚ ਚਾਰ ਗੋਲਡ ਮੈਡਲ, ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਸਟੇਟ ਦੀਆਂ ਖੇਡਾਂ ਵਿੱਚ ਚਾਰ ਗੋਲਡ ਮੈਡਲ, ਤਿੰਨ ਸਿਲਵਰ ਅਤੇ ਤਿੰਨ ਕਾਂਸੀ ਦੇ ਤਗਮੇ ਹਾਸਿਲ ਕੀਤੇ ਹਨ। ਇਸ ਤੋਂ ਇਲਾਵਾ ਉਸਦਾ ਇੱਕ ਵਿਦਿਆਰਥੀ ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਜਿੱਤ ਕੇ ਆਇਆ ਹੈ।
ਕਿਵੇਂ ਚੱਲ ਰਹੀ ਬੱਚਿਆਂ ਦੀ ਟ੍ਰੇਨਿੰਗ:ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਟ੍ਰੇਨਿੰਗ ਲੈ ਰਹੇ ਵਿਦਿਆਰਥੀ ਮਿਡਲ ਫੈਮਿਲੀ ਨਾਲ ਸੰਬੰਧਿਤ ਹਨ। ਜਿਸ ਕਾਰਨ ਉਹਨਾਂ ਨੂੰ ਖੇਡਾਂ ਸਬੰਧੀ ਟ੍ਰੇਨਿੰਗ ਦੇ ਨਾਲ-ਨਾਲ ਬਾਕੀ ਪ੍ਰਬੰਧ ਕਰਨ ਲਈ ਸਮਾਜ ਸੇਵੀ ਅਤੇ ਸਹਿਯੋਗੀ ਸੱਜਣਾਂ ਦਾ ਸਹਾਰਾ ਲੈਣਾ ਪੈਂਦਾ ਤਾਂ ਜੋ ਇਹਨਾਂ ਖਿਡਾਰੀਆਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਨਸ਼ਾ ਖ਼ਤਮ ਕਰਨਾ ਚਾਹੁੰਦੇ ਹਨ, ਪਰ ਸਮੇਂ ਦੀਆਂ ਸਰਕਾਰਾਂ ਨਸ਼ੇ ਨੂੰ ਖ਼ਤਮ ਕਰਨ ਲਈ ਬਣਦੇ ਕਦਮ ਨਹੀਂ ਚੁੱਕ ਰਹੀਆਂ ਜੇਕਰ ਉਹ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ ਤਾਂ ਇਹਨਾਂ ਖਿਡਾਰੀਆਂ ਲਈ ਸਰਕਾਰ ਵੱਲੋਂ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ। ਜਿਸ ਕਾਰਨ ਪੰਜਾਬ ਦੀ ਨੌਜਵਾਨੀ ਜਾਂ ਤਾਂ ਵਿਦੇਸ਼ ਦਾ ਰੁਖ ਕਰ ਰਹੀ ਹੈ ਜਾਂ ਨਸ਼ਿਆਂ ਦੇ ਰਾਹ ਪੈ ਰਹੀ ਹੈ। ਇੰਦਰਜੀਤ ਨੇ ਕਿਹਾ ਕਿ ਜੇਕਰ ਸਰਕਾਰ ਸਮੇਂ ਸਿਰ ਖਿਡਾਰੀਆਂ ਦੀ ਬਾਂਹ ਫੜੇ ਤਾਂ ਦੂਜਿਆਂ ਲਈ ਉਹ ਰੋਲ ਮਾਡਲ ਬਣਦੇ ਹਨ ਅਤੇ ਉਨਾਂ ਨੂੰ ਵੇਖ ਕੇ ਹੋਰ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੁੰਦੇ ਹਨ।