ਬਠਿੰਡਾ:ਇੱਕ ਪਾਸੇ ਦੁਨੀਆ ਜਿੱਥੇ ਮਸ਼ੀਨਰੀ ਯੁੱਗ ਹੋਣ ਕਾਰਨ ਚੰਨ ’ਤੇ ਪਹੁੰਚ ਗਈ ਹੈ ਉੱਥੇ ਹੀ ਦੂਜੇ ਪਾਸੇ ਬਠਿੰਡਾ ਦੇ ਪਿੰਡ ਦਿਓਣ ਦਾ ਰਹਿਣ ਵਾਲਾ ਕਿਸਾਨ ਸੁਖਪਾਲ ਸਿੰਘ ਹਾਲੇ ਵੀ ਊਠ ਨਾਲ ਖੇਤੀ ਕਰਦਾ ਹੈ। ਟਿੱਬਿਆਂ ਦੇ ਜਾਏ ਮੰਨੇ ਜਾਣ ਵਾਲੇ ਊਠ ਰਾਹੀਂ ਸੁਖਪਾਲ ਸਿੰਘ ਵੱਲੋਂ ਰੋਜ਼ਾਨਾ ਦੋ ਤੋਂ ਢਾਈ ਏਕੜ ਜ਼ਮੀਨ ਦੀ ਤਰਪਾਲੀ ਕੀਤੀ ਜਾ ਰਹੀ ਹੈ। ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਊਠ ਰੱਖਣ ਦਾ ਸ਼ੌਂਕ ਸੀ ਅਤੇ ਹੌਲੀ-ਹੌਲੀ ਉਨ੍ਹਾਂ ਨੇ ਇਸ ਨੂੰ ਰੁਜ਼ਗਾਰ ਬਣਾ ਲਿਆ। ਹੁਣ ਉਹ ਜ਼ਮੀਨ ਠੇਕੇ ਅਤੇ ਹਿੱਸੇ ’ਤੇ ਲੈ ਕੇ ਊਠ ਨਾਲ ਬਿਜਾਈ ਕਰਦੇ ਹਨ ਅਤੇ ਇਸ ਨਾਲ ਨਰਮੇ ਦੀ ਫ਼ਸਲ ਵਿੱਚ ਤਰਪਾਲੀ ਵੀ ਕਰਦੇ ਹਨ।
ਮਹਿੰਗੇ ਡੀਜ਼ਲ ਦੇ ਦੌਰ ’ਚ ਊਠ ਨਾਲ ਖੇਤੀ ਪੈਂਦੀ ਹੈ ਸਸਤੀ:ਵਿਹਲੇ ਸਮੇਂ ਵਿੱਚ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਊਠ ਰਾਹੀਂ ਢੋਆ ਢੁਆਈ ਦਾ ਕਾਰੋਬਾਰ ਵੀ ਕੀਤਾ ਜਾਂਦਾ ਹੈ। ਸੁਖਪਾਲ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੋ ਤੋਂ ਢਾਈ ਏਕੜ ਵਿੱਚ ਤਰਪਾਲੀ ਕਰਦੇ ਹਨ। ਪ੍ਰਤੀ ਏਕੜ ਉਨ੍ਹਾਂ ਨੂੰ ਦੋ ਤੋਂ ਢਾਈ ਸੌ ਰੁਪਏ ਮਿਲਦੇ ਹਨ ਪਰ ਮਹਿੰਗਾਈ ਦੇ ਯੁੱਗ ਵਿਚ ਉਨ੍ਹਾਂ ਨੂੰ ਊਠ ਕਰਕੇ ਹੀ ਖੇਤੀ ਦਾ ਕਾਰੋਬਾਰ ਸਸਤਾ ਪੈ ਰਿਹਾ ਹੈ ਕਿਉਂਕਿ ਊਠ ਦੀ ਰੋਜ਼ਾਨਾ ਦੀ ਖ਼ੁਰਾਕ ਮਾਤਰ ਸੌ ਰੁਪਏ ਹੈ ਜਦੋਂ ਕਿ ਜੇਕਰ ਉਹ ਮਸ਼ੀਨਰੀ ਤੋਂ ਖੇਤੀਬਾੜੀ ਦਾ ਕੰਮ ਲੈਂਦੇ ਹਨ ਤਾਂ ਇਸ ਉਤੇ ਪਹਿਲਾਂ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ ਅਤੇ ਰੋਜ਼ਾਨਾ ਮਹਿੰਗਾ ਤੇਲ ਫੂਕਣਾ ਪੈਂਦਾ ਹੈ।
ਊਠ ਬਣਿਆ ਕਿਸਾਨ ਦਾ ਆਸਰਾ: ਉਨ੍ਹਾਂ ਕਿਹਾ ਕਿ ਖੇਤੀਬਾੜੀ ਲਾਹੇਵੰਦ ਧੰਦਾ ਹੈ ਪਰ ਇਸ ਵਿੱਚ ਕਿਸਾਨਾਂ ਵੱਲੋਂ ਆਪਣੇ ਖਰਚੇ ਵਧਾ ਲਏ ਗਏ ਹਨ। ਕਿਸਾਨ ਨੇ ਕਿਹਾ ਕਿ ਮਸ਼ੀਨਰੀ ’ਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਜੇਕਰ ਰਵਾਇਤੀ ਢੰਗ ਨਾਲ ਖੇਤੀ ਕੀਤੀ ਜਾਵੇ ਤਾਂ ਇਹ ਧੰਦਾ ਕੋਈ ਮਾੜਾ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਊਠ ਆਸਰੇ ਆਪਣਾ ਜਿੱਥੇ ਕਾਰੋਬਾਰ ਕਰ ਰਹੇ ਹਨ ਉਥੇ ਹੀ ਆਪਣੇ ਪਰਿਵਾਰ ਦੇ ਪੰਜ ਜੀਆਂ ਦਾ ਪਾਲਣ ਪੋਸ਼ਣ ਵੀ ਕਰ ਰਹੇ ਹਨ।