ਬਠਿੰਡਾ:ਪਿਛਲੇ ਕਈ ਦਿਨਾਂ ਤੋਂ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਲੋਕਾਂ ਵੱਲੋਂ ਵੱਖ-ਵੱਖ ਥਾਵਾਂ ਉੱਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਪਤੀ ਪਿੰਡ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਵੱਲੋਂ ਬਠਿੰਡਾ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ। ਇਸ ਕਾਰਨ ਹਾਈਵੇ ਉੱਤੇ ਦੋਵੇਂ ਪਾਸਿਓਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜਾਮ ਦੀ ਸੂਚਨਾ ਪਾ ਕੇ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਿਆ ਅਤੇ ਜਿਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਡੀਪੂ ਹੋਲਡਰ ਉੱਤੇ ਕਾਰਵਾਈ ਦੀ ਮੰਗ:ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਡਿਪੂ ਹੋਲਡਰਾਂ ਵੱਲੋਂ ਕਣਕ ਆਉਣ ਦੇ ਬਾਵਜੂਦ ਉਨ੍ਹਾਂ ਨੂੰ ਕਣਕ ਨਹੀਂ ਦਿੱਤੀ ਜਾ ਰਹੀ ਅਤੇ ਇਹ ਕਹਿ ਕੇ ਵਾਪਸ ਮੋੜਿਆ ਜਾ ਰਿਹਾ ਹੈ ਕਿ ਤੁਹਾਡਾ ਰਾਸ਼ਨ ਕਾਰਡ ਕੱਟ ਦਿੱਤਾ ਗਿਆ ਹੈ ਪਰ ਜਦੋਂ ਉਨ੍ਹਾਂ ਵੱਲੋਂ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਰਾਸ਼ਨ ਕਾਰਡ ਆਨਲਾਈਨ ਹੈ ਅਤੇ ਡੀਪੂ ਹੋਲਡਰ ਤੋਂ ਕਣਕ ਲੈ ਸਕਦੇ ਹੋ। ਪਿਛਲੇ ਕਈ ਦਿਨਾਂ ਦੀ ਖੱਜਲ-ਖੁਆਰੀ ਤੋਂ ਬਾਅਦ ਲੋਕਾਂ ਵੱਲੋਂ ਬਠਿੰਡਾ ਸ਼੍ਰੀ ਅਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਡਿੱਪੂ ਹੋਲਡਰਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਵੱਲੋਂ ਰਾਸ਼ਨ ਦੇ ਨਾਮ ਉਪਰ ਆਮ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਜਾ ਰਿਹਾ ਹੈ।